ਅੰਮ੍ਰਿਤਸਰ, 18 ਜੂਨ (ਰੇਸ਼ਮ ਸਿੰਘ)-ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 8 ਮੁਲਜ਼ਮਾਂ ਨੂੰ 11 ਅਤਿ-ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਹਥਿਆਰ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਪ੍ਰਗਟਾਵਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਥੇ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹ੍ਰਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੀ ਪਛਾਣ ਗੁਲਾਬਜੀਤ ਸਿੰਘ ਉਰਫ਼ ਪ੍ਰਿੰਸ (21) ਅਤੇ ਹਰਪ੍ਰੀਤ ਸਿੰਘ ਉਰਫ਼ ਪ੍ਰੀਤ (23) ਦੋਵੇਂ ਵਾਸੀ ਪਿੰਡ ਅਟਾਰੀ, ਜ਼ਿਲ੍ਹਾ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਉਰਫ਼ ਗੋਪੀ (24) ਵਾਸੀ ਪਿੰਡ ਹਰਦੋਵਾਲ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ, ਕੁਲਜੀਤ ਸਿੰਘ (39) ਅਤੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ (40), ਵਾਸੀ ਪਿੰਡ ਰਾਣੀਆਂ, ਅਮਨ ਰਾਣਾ ਉਰਫ਼ ਚੀਨੀ (20) ਵਾਸੀ ਛੇਹਰਟਾ, ਸ਼ਰਨਜੀਤ ਸਿੰਘ ਉਰਫ਼ ਸੰਨੀ (29) ਵਾਸੀ ਪਿੰਡ ਕਿਰਲਗੜ ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਪਿੰਡ ਮਾਲੀਆ ਦੇ ਰਹਿਣ ਵਾਲੇ ਅਜੈ ਸਿੰਘ (23) ਵਜੋਂ ਹੋਈ ਹੈ।
ਇਨ੍ਹਾਂ ਪਾਸੋਂ ਬਰਾਮਦ ਹਥਿਆਰਾਂ ਵਿਚ ਚਾਰ .30 ਬੋਰ (ਚੀਨ ਦੇ ਬਣੇ), ਚਾਰ .30 ਬੋਰ ਪੀ.ਐਕਸ-5 ਸਟੌਰਮ, ਇਕ .30 ਬੋਰ ਜ਼ਿਗਾਨਾ, ਇਕ 9 ਐੱਮ.ਐੱਮ. ਗਲੌਕ (ਆਸਟ੍ਰੀਆ ਦਾ ਬਣਿਆ) ਅਤੇ ਇਕ 9 ਐੱਮ. ਐੱਮ. (ਆਸਟ੍ਰੀਆ ਦਾ ਬਣਿਆ) ਅਤੇ ਅੱਠ ਜ਼ਿੰਦਾ ਕਾਰਤੂਸ ਸ਼ਾਮਿਲ ਹਨ। ਇਸ ਤੋਂ ਇਲਾਵਾ ਪੁਲਿਸ ਟੀਮਾਂ ਨੇ ਮੁਲਜ਼ਮਾਂ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ। ਸ: ਭੁੱਲਰ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਉਕਤ ਮੁਲਜ਼ਮ ਕਥਿਤ ਤੌਰ ‘ਤੇ ਗ਼ੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਵਿਚ ਸ਼ਾਮਿਲ ਵਿਦੇਸ਼ੀ ਕਾਰਕੁਨਾਂ ਦੇ ਸੰਪਰਕ ਵਿਚ ਸਨ। ਉਨ੍ਹਾਂ ਕਿਹਾ ਕਿ ਬਰਾਮਦ ਕੀਤੇ ਗਏ ਇਹ ਹਥਿਆਰ ਅੱਗੇ ਅਪਰਾਧਿਕ ਤੱਤਾਂ ਵਿਚ ਸਪਲਾਈ ਕੀਤੇ ਜਾਣੇ ਸਨ, ਜਿਨ੍ਹਾਂ ਦੀ ਵਰਤੋਂ ਜਬਰੀ ਵਸੂਲੀ, ਹਿੰਸਕ ਅਪਰਾਧਾਂ ਅਤੇ ਹੋਰ ਗ਼ੈਰ-ਕਾਨੂੰਨੀ ਗਤੀਵਿਧੀਆਂ ਵਿੱਚ ਹੋਣੀ ਸੀ। ਪੁੱਛਗਿੱਛ ਦੌਰਾਨ ਗੁਰਪ੍ਰੀਤ ਉਰਫ਼ ਗੋਪੀ ਨੇ ਖੁਲਾਸਾ ਕੀਤਾ ਕਿ ਉਹ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਰਾਹੀਂ ਵਿਦੇਸ਼ੀ ਗੈਂਗਸਟਰ ਦੇ ਸੰਪਰਕ ਵਿਚ ਸੀ, ਜੋ ਉਨ੍ਹਾਂ ਲਈ ਅਟਾਰੀ ਸੈਕਟਰ ਵਿਚ ਵੱਖ-ਵੱਖ ਥਾਵਾਂ ‘ਤੇ ਡਰੋਨ ਰਾਹੀਂ ਭੇਜੀ ਜਾਂਦੀ ਹਥਿਆਰਾਂ ਦੀ ਖੇਪ ਦਾ ਪ੍ਰਬੰਧ ਕਰ ਰਿਹਾ ਸੀ। ਇਨ੍ਹਾਂ ‘ਚੋਂ ਮੁਲਜ਼ਮ ਹਰਪ੍ਰੀਤ ਉਰਫ਼ ਪ੍ਰੀਤ, ਗੁਰਪ੍ਰੀਤ ਉਰਫ਼ ਗੋਪੀ, ਸ਼ਰਨਜੀਤ ਉਰਫ਼ ਸੰਨੀ ਅਤੇ ਅਜੈ ਸਿੰਘ ਪਹਿਲਾਂ ਕਤਲ, ਕਤਲ ਦੀ ਕੋਸ਼ਿਸ਼, ਅਸਲਾ ਐਕਟ, ਐੱਨ.ਡੀ.ਪੀ.ਐੱਸ. ਐਕਟ ਅਤੇ ਚੋਰੀ ਦੇ ਮਾਮਲਿਆਂ ਵਿਚ ਵੀ ਸ਼ਾਮਿਲ ਰਹੇ ਹਨ। ਉਨ੍ਹਾਂ ਅੱਗੇ ਕਿਹਾ ਇਸ ਸੰਬੰਧੀ ਹੋਰ ਜਾਂਚ ਜਾਰੀ ਹੈ। ਇਸ ਮੌਕੇ ਡੀ.ਸੀ.ਪੀ. ਰਵਿੰਦਰਪਾਲ ਸਿੰਘ ਸੰਧੂ, ਏ.ਸੀ.ਪੀ. ਹਰਮਿੰਦਰ ਸਿੰਘ, ਇੰਸ: ਅਮਨਦੀਪ ਸਿੰਘ ਆਦਿ ਹਾਜ਼ਰ ਸਨ।
ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਬੇਨਕਾਬ, 8 ਤਸਕਰ ਗ੍ਰਿਫ਼ਤਾਰ
ਅਜੀਤ ਡੈਸਕ
19-06-2026