ਧਾਰਮਿਕ ਸਥਾਨ, ਬੱਸ ਸਟੈਂਡ, ਰੇਲਵੇ ਸ਼ਟੇਸ਼ਨ ਆਦਿ ਦੀ ਹੁਣ ਰਾਤ ਵੇਲੇ ਵੀ ਚੈਕਿੰਗ ਸ਼ੁਰੂ
ਅੰਮ੍ਰਿਤਸਰ, 9 ਜੁਲਾਈ (ਰੇਸ਼ਮ ਸਿੰਘ)- ਸ਼ਹਿਰ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਬੀਤੀ ਦੇਰ ਰਾਤ ਸ਼ਹਿਰ ਦੇ ਵੱਖ-ਵੱਖ ਮਹੱਤਵਪੂਰਨ ਸਥਾਨਾਂ, ਧਾਰਮਿਕ ਸਥਾਨਾਂ, ਬੱਸ ਸਟੈਂਡ, ਰੇਲਵੇ ਸਟੇਸ਼ਨ ਦੇ ਅਤੇ ਸੰਵੇਦਨਸ਼ੀਲ ਇਲਾਕਿਆਂ ਵਿਖੇ ਲਗਾਏ ਗਏ ਨਾਕਿਆਂ, ਪੀ.ਸੀ.ਆਰ. ਵਾਹਨਾਂ ਅਤੇ ਕਵਿੱਕ ਰਿਸਪਾਂਸ ਟੀਮਾਂ ਕਿਊ.ਆਰ.ਟੀ. ਗਸ਼ਤ ਟੀਮਾਂ ਦੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਅਚਨਚੇਤ ਚੈਕਿੰਗ ਕੀਤੀ ਗਈ। ਸੀ.ਪੀ. ਸ: ਭੁੱਲਰ ਵਲੋਂ ਸ਼ਹਿਰ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ, ਬੱਸ ਸਟੈਂਡ, ਰੇਲਵੇ ਸਟੇਸ਼ਨ ਦੇ ਇਲਾਕੇ, ਮੁੱਖ ਮਾਰਗਾਂ ਅਤੇ ਹੋਰ ਭੀੜ-ਭੜੱਕੇ ਵਾਲੇ ਸਥਾਨਾਂ ਵਿਚ ਤਾਇਨਾਤ ਪੁਲਿਸ ਫੋਰਸ ਦੀ ਡਿਊਟੀ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਨਾਕਿਆਂ ‘ਤੇ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਡਿਊਟੀ ਦੌਰਾਨ ਪੂਰੀ ਚੌਕਸੀ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਨਿਰਦੇਸ਼ ਦਿੱਤੇ। ਚੈਕਿੰਗ ਦੌਰਾਨ ਉਨ੍ਹਾਂ ਨੇ ਪੀ.ਸੀ.ਆਰ. ਵਾਹਨਾਂ ਅਤੇ ਹੋਰ ਟੀਮਾਂ ਦੀ ਤਾਇਨਾਤੀ, ਰਿਸਪਾਂਸ ਟਾਈਮ ਅਤੇ ਸੁਰੱਖਿਆ ਪ੍ਰਬੰਧਾਂ ਦਾ ਮੁਲਾਂਕਣ ਕੀਤਾ। ਉਨ੍ਹਾਂ ਨੇ ਆਧੁਨਿਕ ਹਥਿਆਰਾਂ ਨਾਲ ਲੈਸ ਜਵਾਨਾਂ ਨੂੰ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਹਰ ਸਮੇਂ ਤਿਆਰ ਰਹਿਣ ਅਤੇ ਸ਼ੱਕੀ ਗਤੀਵਿਧੀਆਂ ‘ਤੇ ਪੂਰੀ ਨਜ਼ਰ ਰੱਖਣ ਲਈ ਪ੍ਰੇਰਿਤ ਕੀਤਾ । ਸੀ.ਪੀ. ਸ: ਭੁੱਲਰ ਨੇ ਕਿਹਾ ਕਿ ਸ਼ਹਿਰ ਵਿਚ ਆਉਣ ਵਾਲੇ ਸ਼ਰਧਾਲੂਆਂ, ਯਾਤਰੀਆਂ ਅਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਪੁਲਿਸ ਦੀ ਸਭ ਤੋਂ ਵੱਡੀ ਤਰਜੀਹ ਹੈ। ਰਾਤ ਸਮੇਂ ਨਾਕਾਬੰਦੀ, ਗਸ਼ਤ ਅਤੇ ਚੈਕਿੰਗ ਦੌਰਾਨ ਹਰ ਅਧਿਕਾਰੀ ਅਤੇ ਕਰਮਚਾਰੀ ਨੂੰ ਪੂਰੀ ਮੁਸ਼ਤੈਦੀ ਅਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣੀ ਚਾਹੀਦੀ ਹੈ। ਸ਼ਹਿਰ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੁਲਿਸ ਵਲੋਂ ਲਗਾਤਾਰ ਨਾਕਾਬੰਦੀ, ਪੈਟਰੋਲਿੰਗ, ਪੀਸੀਆਰ ਗਸ਼ਤ ਅਤੇ ਵਿਸ਼ੇਸ਼ ਚੈਕਿੰਗ ਮੁਹਿੰਮਾਂ ਜਾਰੀ ਰਹਿਣਗੀਆਂ।
ਕਮਿਸ਼ਨਰੇਟ ਪੁਲਿਸ ਨੇ ਚਲਾਏ ਰਾਤਰੀ ਸੁਰੱਖਿਆ ਆਪਰੇਸ਼ਨ
ਅਜੀਤ ਡੈਸਕ
10-07-2026