ਅੰਮ੍ਰਿਤਸਰ, 9 ਜੁਲਾਈ (ਹਰਮਿੰਦਰ ਸਿੰਘ)-ਨਗਰ ਨਿਗਮ ਅੰਮ੍ਰਿਤਸਰ ਦੀ ਹਦੂਦ ਅੰਦਰ ਆਉਂਦੇ ਇਲਾਕਿਆਂ ਨੂੰ 24 ਘੰਟੇ 7 ਦਿਨ ਨਹਿਰੀ ਪਾਣੀ ਦੀ ਸਪਲਾਈ ਦੇਣ ਲਈ ਵਰਲਡ ਬੈਂਕ ਦੀ ਮਦਦ ਨਾਲ 665 ਕਰੋੜ ਦਾ ਨਹਿਰੀ ਪਾਣੀ ਪ੍ਰੋਜੈਕਟ ਲਿਆਂਦਾ ਗਿਆ ਹੈ। ਜੋ ਅਪ੍ਰੈਲ 2021 ਤੋਂ ਚੱਲ ਰਿਹਾ ਹੈ ਜਿਸ ਦੇ ਮੁਕੰਮਲ ਹੋਣ ਦਾ ਸਮਾਂ ਜੁਲਾਈ 2023 ਦਾ ਸਮਾਂ ਤੈਅ ਕੀਤਾ ਸੀ ਪਰ ਸਮਾਂ ਮਿਆਦ ਪੂਰੀ ਹੋਣ ਤੋਂ ਤਿੰਨ ਸਾਲ ਬਾਅਦ ਵੀ ਇਹ ਪ੍ਰੋਜੈਕਟ ਅਧੂਰਾ ਹੈ।
ਨਗਰ ਨਿਗਮ ਦੀ ਹਦੂਦ ਅੰਦਰ ਇਸ ਵੇਲੇ 560 ਤੋਂ ਵਧੇਰੇ ਟਿਊਬਵੈਲ ਚਲ ਰਹੇ ਹਨ ਜੋ ਜ਼ਮੀਨ ਹੇਠਲੇ ਪਾਣੀ ਨੂੰ ਖਿੱਚ ਕੇ ਘਰ ਘਰ ਤੱਕ ਪਹੁੰਚਾ ਰਹੇ ਹਨ । ਅਜਿਹੇ ਵਿਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ। ਜਿਸ ਨੂੰ ਮੁੱਖ ਰੱਖਦੇ ਹੋਏ ਵਰਲਡ ਬੈਂਕ ਦੇ 70 ਫੀਸਦੀ ਹਿੱਸੇ ਦੇ ਨਾਲ ਸਮਾਰਟ ਸਿਟੀ ਅਤੇ ਪੰਜਾਬ ਸਰਕਾਰ ਦੇ 30 ਫੀਸਦੀ ਹਿੱਸੇ ਵਾਲਾ ਨਹਿਰੀ ਪਾਣੀ ਪ੍ਰੋਜੈਕਟ ਲਿਆਂਦਾ ਗਿਆ ਸੀ। ਅਪਰ ਦੁਆਬ ਨਹਿਰ ਦੇ ਪਾਣੀ ਨੂੰ ਸਾਫ਼ ਕਰਕੇ ਲੋਕਾਂ ਦੇ ਪੀਣ ਲਈ ਉਸ ਦੀ ਸਪਲਾਈ ਘਰ ਘਰ ਪਹੁੰਚਣ ਦੀ ਯੋਜਨਾ ਬਣਾਈ ਗਈ। ਜਿਸ ਦੇ ਲਈ 112 ਕਿਲੋਮੀਟਰ ਤੱਕ ਪਾਇਪ ਲਾਈਨ ਪਾਉਣ, ਵੱਲ੍ਹਾ ਵਿਖੇ 40 ਏਕੜ ਜ਼ਮੀਨ ਵਿਚ ਪਾਣੀ ਨੂੰ ਸਾਫ ਕਰਨ ਲਈ ਵਾਟਰ ਟ੍ਰੀਟਮੈਂਟ ਪਲਾਂਟ, 51 ਨਵੀਆਂ ਟੈਂਕੀਆਂ ਬਣਾਉਣ, 15 ਅਮਰੂਤ ਪ੍ਰੋਜੈਕਟ ਦੀਆਂ ਟੈਂਕੀਆਂ ਜੋੜਣ ਅਤੇ 24 ਪੁਰਾਣੀਆਂ ਟੈਂਕੀਆਂ ਦੀ ਮੁਰੰਮਤ ਕਰਕੇ ਉਨ੍ਹਾਂ ਨੂੰ ਚਾਲੂ ਹਾਲਤ ਵਿਚ ਲਿਆਉਣ ਦੀ ਯੋਜਨਾ ਬਣਾਈ ਗਈ ਸੀ। ਇਸ ਪ੍ਰੋਜੈਕਟ ਦੀ ਅਰੰਭਤਾ ਅਪ੍ਰੈਲ 2021 ਵਿਚ ਕੀਤੀ ਗਈ ਅਤੇ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਦੀ ਸਮਾਂ ਸੀਮਾ ਦੋ ਸਾਲ ਰੱਖੀ ਗਈ ਸੀ। ਪਰ ਵੱਖ ਵੱਖ ਕਾਰਨਾਂ ਕਰਕੇ ਇਹ ਕੰਮ ਪੱਛੜਦਾ ਪੱਛੜਦਾ ਤਿੰਨ ਸਾਲ ਅੱਗੇ ਪੈ ਗਿਆ ਹੈ ਪਰ ਅਜੇ ਵੀ ਇਹ ਕੰਮ ਅਧੂਰਾ ਹੈ ਜਿਸ ਨੂੰ ਪੂਰਾ ਕਰਨ ਲਈ ਕਈ ਮਹੀਨੇ ਹੋਰ ਲੱਗ ਸਕਦੇ ਹਨ। ਜਿਸ ਕਾਰਨ ਹੁਣ ਇਕ ਵਾਰ ਫਿਰ ਦਸੰਬਰ ਦੇ ਮਹੀਨੇ ਤੱਕ ਟੀਚਾ ਰੱਖਿਆ ਗਿਆ ਹੈ। ਇਸ ਸਮੇਂ ਸ਼ਹਿਰ ਦੇ ਬਹੁਤ ਸਾਰੇ ਹਿੱਸਿਆਂ ‘ਚ ਪਾਣੀ ਦੀਆਂ ਪਾਇਪਾਂ ਤਾਂ ਪੈ ਗਈਆਂ ਹਨ ਪਰ ਟੈਂਕੀਆਂ ਦੇ ਬਣਨ ਦਾ ਕੰਮ ਅਜੇ ਕਾਫੀ ਹੋਣ ਵਾਲਾ ਪਿਆ ਹੈ। ਬਹੁਤ ਸਾਰੀਆਂ ਟੈਂਕੀਆ ਦਾ ਕੰਮ ਅੱਧੇ ਤੋਂ ਵੀ ਜ਼ਿਆਦਾ ਹੋਣਾ ਬਾਕੀ ਹੈ। ਜਿਸ ਦਾ ਮੁੱਖ ਮਜ਼ਦੂਰਾਂ ਦੀ ਕਮੀ ਦੱਸਿਆ ਜਾ ਰਿਹਾ ਹੈ । ਪਿਛਲੇ ਸਾਲ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਦੇ ਬਣੇ ਹਲਾਤਾਂ ਤੋਂ ਬਾਅਦ ਬਹੁਤ ਸਾਰੇ ਮਜ਼ਦੂਰ ਆਪਣੇ ਘਰਾਂ ਨੂੰ ਪਰਤ ਗਏ ਸਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਮਜ਼ਦੂਰ ਅਜੇ ਤੱਕ ਵਾਪਸ ਨਹੀ ਪਰਤੇ।
ਇਸ ਸਬੰਧ ਵਿਚ ਨਿਗਮ ਦੇ ਅਧਿਕਾਰੀਆਂ ਵਲੋਂ ਸਮੇਂ ਸਿਰ ਪ੍ਰੋਜੈਕਟ ਦਾ ਕੰਮ ਕਰਨ ਵਾਲੀ ਐੱਲ ਐਂਡ ਟੀ ਕੰਪਨੀ ਦੇ ਅਧਿਕਾਰੀਆਂ ਨੂੰ ਮਜ਼ਦੂਰਾਂ ਦੀ ਗਿਣਤੀ ਵਾਧਾ ਕਰਨ ਲਈ ਕਿਹਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਜਿਸ ਰਫ਼ਤਾਰ ਨਾਲ ਨਿਗਮ ਕੰਮ ਕਰਵਾਉਣਾ ਚਾਹੁੰਦੀ ਹੈ , ਉਸ ਰਫ਼ਤਾਰ ਨਾਲ ਕੰਮ ਨਹੀਂ ਹੋ ਰਿਹਾ ਜਿਸ ਕਾਰਨ ਨਹਿਰੀ ਪ੍ਰੋਜੈਕਟ ਦਾ ਕੰਮ ਪਹਿਲਾਂ ਹੀ ਤਿੰਨ ਸਾਲ ਪੱਛੜ ਗਿਆ ਅਤੇ ਜੇਕਰ ਇਹੀ ਰਫ਼ਤਾਰ ਰਹੀ ਤਾਂ ਨਵੇਂ ਮਿੱਥੇ ਸਮੇਂ ਤੋਂ ਬਾਅਦ ਵੀ ਇਹ ਕੰਮ ਪੱਛੜ ਸਕਦਾ ਹੈ।
ਕੱਛੂਏ ਚਾਲੇ ਚੱਲ ਰਿਹਾ ਹੈ ਨਹਿਰੀ ਪਾਣੀ ਪ੍ਰਾਜੈਕਟ
ਅਜੀਤ ਡੈਸਕ
10-07-2026