ਅੰਮ੍ਰਿਤਸਰ, 9 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਅੰਮ੍ਰਿਤਸਰ ਦੇ ਐਲੀਮੈਂਟਰੀ ਵਿੰਗ ‘ਚ ਵੱਡੇ ਵਿੱਤੀ ਘਪਲਿਆਂ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਮੁੱਢਲੀ ਪੜਤਾਲ ਮਗਰੋਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਕ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਤੇ 3 ਕਲਰਕਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਹੈ। ਜਾਣਕਾਰੀ ਅਨੁਸਾਰ ਦਫਤਰ ਡਾਇਰੈਕਟਰ ਸਕੂਲ ਐਜੂਕੇਸ਼ਨ (ਐਲੀਮੈਂਟਰੀ) ਪੰਜਾਬ ਵਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇ ਦਫਤਰਾਂ ‘ਚ ਤਨਖਾਹ, ਜੀ. ਪੀ. ਐੱਫ. ਤੇ ਲੀਵ ਇੰਨਕੈਸ਼ਮੈਂਟ ਦੇ ਬਿੱਲਾਂ ‘ਚ ਪਾਈਆਂ ਵਿੱਤੀ ਅਨਿਯਮਿਤਤਾਵਾਂ ਦੀ ਮੁੱਢਲੀ ਪੜਤਾਲ ਦੇ ਅਧਾਰ ‘ਤੇ ਜ਼ਿਲ੍ਹਾ ਸਿੱਖਿਆ ਅਫਸਰ (ਅ) ਅੰਮ੍ਰਿਤਸਰ ਨੂੰ ਕਥਿਤ ਦੋਸ਼ੀਆਂ ਖ਼ਿਲਾਫ਼ ਤੁਰੰਤ ਐੱਫ. ਆਈ. ਆਰ. ਦਰਜ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਸਹਾਇਕ ਡਾਇਰੈਕਟਰ (ਅਮਲਾ-1) ਵਲੋਂ ਜਾਰੀ ਹਦਾਇਤਾਂ ਅਨੁਸਾਰ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਸਿੱਖਿਆ-7 ਦੇ ਪੱਤਰ ਅਤੇ ਜ਼ਿਲ੍ਹਾ ਸਿੱਖਿਆ ਦਫਤਰ ਅੰਮ੍ਰਿਤਸਰ ਦੇ ਪੱਤਰ ਮੁਤਾਬਿਕ ਉਕਤ ਕੇਸ ‘ਚ ਵਿੱਤ ਵਿਭਾਗ, ਪੰਜਾਬ ਵਲੋਂ ਕਰਵਾਈ ਗਈ ਮੁੱਢਲੀ ਪੜਤਾਲ ਰਿਪੋਰਟ ਦੀ ਕਾਪੀ ਭੇਜਦੇ ਹੋਏ ਹਦਾਇਤ ਕੀਤੀ ਜਾਂਦੀ ਹੈ ਕਿ ਇਸ ਮਾਮਲੇ ‘ਚ ਸੰਬੰਧਿਤ ਅਧਿਕਾਰੀ/ਕਰਮਚਾਰੀਆਂ ਵਿਰੁੱਧ ਵਿੱਤੀ ਅਨਿਯਮਿਤਤਾਵਾਂ, ਸਰਕਾਰ ਰਿਕਾਰਡ ਦੀ ਸੰਭਾਵਿਤ ਛੇੜਛਾੜ ਅਤੇ ਸਰਕਾਰੀ ਧਨ ਦੀ ਦੁਰਵਰਤੋਂ ਕਰਨ ਕਰਕੇ ਤੁਰੰਤ ਪ੍ਰਭਾਵ ਨਾਲ ਐੱਫ.ਆਈ.ਆਰ. ਦਰਜ ਕਰਵਾਕੇ ਇਸ ਦੀ ਕਾਪੀ ਉਕਤ ਦਫਤਰ ਅਤੇ ਸਰਕਾਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਇਸ ਮਾਮਲੇ ‘ਚ ਦੇਰੀ ਜਾਂ ਅਣਗਹਿਲੀ ਦੀ ਸੂਰਤ ‘ਚ ਜਿੰਮੇਵਾਰੀ ਜ਼ਿਲ੍ਹਾ ਸਿੱਖਿਆ ਅਫਸਰ (ਅ) ਦੀ ਹੋਵੇਗੀ। ਜਿਕਰਯੋਗ ਹੈ ਕਿ ਉਕਤ ਮਾਮਲਾ ਬਲਾਕ ਅੰਮ੍ਰਿਤਸਰ-3, ਮਜੀਠਾ-1 ਅਤੇ ਮਜੀਠਾ-2 ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਫਸਰ (ਅ, ਸ.) ਕੰਵਲਜੀਤ ਸਿੰਘ ਸੰਧੂ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਇਕ ਬਲਾਕ ਸਿੱਖਿਆ ਅਫਸਰ ਅਤੇ 3 ਕਲਰਕਾਂ ਖ਼ਿਲਾਫ਼ ਮਾਮਲਾ ਦਰਜ ਕਰਨ ਲਈ ਪੁਲਿਸ ਕਮਿਸ਼ਨਰ ਨੂੰ ਲਿਖਿਆ ਗਿਆ ਹੈ।
ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇ ਦਫ਼ਤਰਾਂ ’ਚ ਵਿੱਤੀ ਘਪਲਿਆਂ ਦਾ ਮਾਮਲਾ ਆਇਆ ਸਾਹਮਣੇ
ਅਜੀਤ ਡੈਸਕ
10-07-2026