ਅੰਮ੍ਰਿਤਸਰ, 10 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਹਨੂੰਮਾਨ ਸੇਵਾ ਪਰਿਵਾਰ ਟਰੱਸਟ (ਰਜਿ.) ਦੇ ਜਨਰਲ ਸਕੱਤਰ ਆਦੇਸ਼ ਮਹਿਰਾ ਤੇ ਪ੍ਰਚਾਰ ਮੰਤਰੀ ਮਨੋਜ ਜੈਨ ਨੇ ਦੱਸਿਆ ਕਿ ਟਰੱਸਟ ਦੀਆਂ ਲੋਕ ਭਲਾਈ ਗਤੀਵਿਧੀਆਂ ਦੀ ਲੜੀ ਨੂੰ ਜਾਰੀ ਰੱਖਦੇ ਹੋਏ 12 ਜੁਲਾਈ ਨੂੰ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਸ੍ਰੀ ਹਨੂੰਮਾਨ ਧਾਮ, ਸ੍ਰੀ ਗੁਰੂ ਤੇਗ ਬਹਾਦਰ ਨਗਰ ਮਾਲ ਮੰਡੀ ਵਿਖੇ ਇਕ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਛਾਤੀ ਤੇ ਫੇਫੜਿਆਂ ਦੇ ਮਾਹਿਰ ਡਾ. ਰਾਜਬੀਰ ਸਿੰਘ, ਖੰਘ, ਕਫ਼, ਸਾਹ ਦੀ ਤਕਲੀਫ਼, ਤਪਦਿਕ ਤੇ ਹੋਰ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਕਰਨਗੇ ਅਤੇ ਉਨ੍ਹਾਂ ਨੂੰ ਜ਼ਰੂਰੀ ਸਲਾਹ ਤੇ ਇਲਾਜ ਪ੍ਰਦਾਨ ਕਰਨਗੇ। ਉਨ੍ਹਾਂ ਦੱਸਿਆ ਕਿ ਮਨੋਵਿਗਿਆਨੀ ਡਾ. ਅਨੁਸ਼ਾ ਅਗਰਵਾਲ, ਮਿਰਗੀ, ਡਿਮੈਂਸ਼ੀਆ, ਮਾਈਗ੍ਰੇਨ, ਨਸ਼ਾਖੋਰੀ ਅਤੇ ਡਿਪਰੈਸ਼ਨ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਕਰਨਗੇ ਤੇ ਉਨ੍ਹਾਂ ਨੂੰ ਢੁਕਵੀਂ ਸਲਾਹ ਅਤੇ ਇਲਾਜ ਪ੍ਰਦਾਨ ਕਰਨਗੇ। ਡਾਕਟਰਾਂ ਦੀ ਸਲਾਹ ਅਨੁਸਾਰ ਬਲੱਡ ਪ੍ਰੈਸ਼ਰ (ਬੀਪੀ), ਸ਼ੂਗਰ, ਥਾਇਰਾਇਡ ਅਤੇ ਫੇਫੜਿਆਂ ਦੇ ਕੰਮਕਾਜ ਦੀ ਜਾਂਚ ਲਈ ਸਪਾਇਰੋਮੈਟਰੀ ਟੈਸਟ ਵੀ ਪੂਰੀ ਤਰ੍ਹਾਂ ਮੁਫਤ ਕੀਤੇ ਜਾਣਗੇ। ਜ਼ਰੂਰੀ ਦਵਾਈਆਂ ਵੀ ਮੁਫਤ ਪ੍ਰਦਾਨ ਕੀਤੀਆਂ ਜਾਣਗੀਆਂ। ਕੈਸ਼ੀਅਰ ਰਮੇਸ਼ ਖੰਨਾ ਤੇ ਸਹਾਇਕ ਕੈਸ਼ੀਅਰ ਮੁਨੀਸ਼ ਸੇਠ ਨੇ ਅੰਮ੍ਰਿਤਸਰ ਤੇ ਇਲਾਕੇ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਫਤ ਸਿਹਤ ਜਾਂਚ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਲੋੜਵੰਦ ਮਰੀਜ਼ਾਂ ਨੂੰ ਸ਼ਾਮਿਲ ਹੋਣ ਲਈ ਉਤਸ਼ਾਹਿਤ ਕਰਨ, ਤਾਂ ਜੋ ਵੱਧ ਤੋਂ ਵੱਧ ਲੋਕ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਦਾ ਲਾਭ ਉਠਾ ਸਕਣ।