ਅੰਮ੍ਰਿਤਸਰ, 11 ਜੁਲਾਈ (ਸੁਰਿੰਦਰ ਕੋਛੜ)- ਸ਼ਹਿਰ ਦੇ ਪਾਸ਼ ਇਲਾਕੇ ਰਣਜੀਤ ਐਵਿਨਿਊ ਦੇ ਏ-ਬਲਾਕ ਦੀ ਸ਼ੁਰੂਆਤ ’ਚ ਰੈੱਡ ਕਰਾਸ ਭਵਨ ਅਤੇ ਆਈ. ਜੀ. ਪੀ. ਦਫ਼ਤਰ/ਮੈੱਸ ਦੇ ਬਿਲਕੁਲ ਨੇੜੇ ਕੂੜੇ ਅਤੇ ਗੰਦਗੀ ਦੇ ਵੱਡੇ-ਵੱਡੇ ਢੇਰ ਲਗਾਏ ਜਾਣ ਦਾ ਮਾਮਲਾ ਜਨਤਕ ਹੋਣ ਤੋਂ ਬਾਅਦ ਸੰਬੰਧਿਤ ਵਿਭਾਗ ਨੇ ਕਾਰਵਾਈ ਕਰਕੇ ਤੁਰੰਤ ਉੱਥੇ ਬਣਾਇਆ ਜਾ ਰਿਹਾ ਕੂੜੇ ਦਾ ਡੰਪ ਹਟਾ ਦਿੱਤਾ ਹੈ । ਜ਼ਿਕਰਯੋਗ ਹੈ ਕਿ ‘ਅਜੀਤ’ ਵਲੋਂ ਬੀਤੇ ਦਿਨ ‘ਅੰਮ੍ਰਿਤਸਰ ਦੀ ਰਣਜੀਤ ਐਵਿਨਿਊ ’ਚ ਧੜਾ-ਧੜ ਬਣਾਏ ਜਾ ਰਹੇ ਕੂੜੇ ਦੇ ਡੰਪ ਹੁਣ ਰੈੱਡ ਕਰਾਸ ਭਵਨ ਦੇ ਨੇੜੇ ਲਗਾਏ ਕੂੜੇ ਦੇ ਢੇਰ’ ਸਿਰਲੇਖ ਹੇਠ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ। ਜਿਸ ਦੇ ਸਿਰਫ਼ 3-4 ਘੰਟੇ ਦੇ ਅੰਦਰ ਹੀ ਨਗਰ ਨਿਗਮ ਦੇ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਕਾਰਵਾਈ ਕਰਦਿਆਂ ਕੂੜੇ ਅਤੇ ਗੰਦਗੀ ਦੇ ਢੇਰ ਹਟਾ ਕੇ ਸਾਰੀ ਜਗ੍ਹਾ ਨੂੰ ਸਾਫ਼ ਕਰ ਦਿੱਤਾ । ਸਥਾਨਕ ਸਮਾਜਿਕ ਕਾਰਕੁਨ ਇੰਜ. ਪਵਨਦੀਪ ਸ਼ਰਮਾ ਨੇ ਕਿਹਾ ਕਿ ਪਾਸ਼ ਇਲਾਕੇ ਰਣਜੀਤ ਐਵਿਨਿਊ ’ਚ ਹੋਰ ਥਾਵਾਂ ’ਤੇ ਵੀ ਕੂੜੇ ਦੇ ਡੰਪ ਬਣਾਏ ਗਏ ਹਨ ਅਤੇ ਉੱਥੇ ਆਸ-ਪਾਸ ਕਈ ਧਾਰਮਿਕ ਅਸਥਾਨ, ਹਸਪਤਾਲ, ਸਕੂਲ ਅਤੇ ਹੋਰ ਵਪਾਰਕ ਅਦਾਰੇ ਮੌਜੂਦ ਹੋਣ ਕਰਕੇ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਸ਼ ਇਲਾਕੇ ’ਚ ਇਹ ਡੰਪ ਬਣਾਏ ਜਾਣ ਨਾਲ ਪ੍ਰਸ਼ਾਸਨ ਵਲੋਂ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਸ਼ੁਰੂ ਕੀਤਾ ‘ਮਿਸ਼ਨ ਕਲੀਨ’ ਕਿਰਕਿਰੀ ਦਾ ਕਾਰਨ ਬਣਦਾ ਜਾ ਰਿਹਾ ਹੈ।
ਕੂੜੇ ਦਾ ਡੰਪ ਬਣਾਏ ਜਾਣ ਦਾ ਮਾਮਲਾ ਜਨਤਕ ਹੋਣ ’ਤੇ ਹਟਾਏ ਗੰਦਗੀ ਦੇ ਢੇਰ
ਅਜੀਤ ਡੈਸਕ
12-07-2026