ਜੰਡਿਆਲਾ ਗੁਰੂ, 12 ਜੁਲਾਈ (ਅੰਮ੍ਰਿਤ ਪਾਲ ਸਿੰਘ)- ਜੰਡਿਆਲਾ ਗੁਰੂ ਦੇ ਨਜ਼ਦੀਕ ਪਿੰਡ ਮੱਲ੍ਹੀਆਂ ’ਚ ਇਕ ਗਰੀਬ ਵਿਧਵਾ ਪਰਿਵਾਰ ’ਤੇ ਉਸ ਵੇਲੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ, ਜਦੋਂ ਉਨ੍ਹਾਂ ਦੇ ਕੱਚੇ ਮਕਾਨ ਦੇ ਕਮਰੇ ਦੀ ਛੱਤ ਅਚਾਨਕ ਢਹਿ ਗਈ । ਇਸ ਹਾਦਸੇ ਵਿਚ ਪਰਿਵਾਰ ਦੇ ਪੰਜ ਮੈਂਬਰ ਮਲਬੇ ਹੇਠਾਂ ਦੱਬ ਗਏ, ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਮੁਸ਼ੱਕਤ ਨਾਲ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ । ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੀਤ ਕੌਰ, ਜਿਸ ਦੇ ਪਤੀ ਸੁਬੇਗ ਸਿੰਘ ਦੀ ਕਰੀਬ ਚਾਰ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਵਿਧਵਾ ਪੈਨਸ਼ਨ ਦੇ ਸਹਾਰੇ ਆਪਣਾ ਗੁਜ਼ਾਰਾ ਕਰ ਰਹੀ ਹੈ। ਬੀਤੀ ਦਿਨ ਦੁਪਹਿਰ ਸਮੇਂ ਉਹ ਆਪਣੀ ਧੀ ਅਤੇ ਉਸ ਦੇ ਤਿੰਨ ਬੱਚਿਆਂ ਨਾਲ ਘਰ ਵਿੱਚ ਰੋਟੀ ਖਾ ਰਹੀ ਸੀ। ਇਸ ਦੌਰਾਨ ਕਮਰੇ ਦੀ ਜਰਜਰ ਹੋ ਚੁੱਕੀ ਛੱਤ ਅਚਾਨਕ ਢਹਿ ਪਈ ਅਤੇ ਬਾਲੇ, ਗਾਡਰ ਅਤੇ ਹੋਰ ਮਲਬਾ ਹੇਠਾਂ ਡਿੱਗਣ ਕਾਰਨ ਸਾਰੇ ਮਲਬੇ ਹੇਠਾਂ ਦੱਬ ਗਏ। ਆਂਢ-ਗੁਆਂਢ ਦੇ ਲੋਕਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਕਾਫ਼ੀ ਮੁਸ਼ੱਕਤ ਨਾਲ ਸਾਰਿਆਂ ਨੂੰ ਬਾਹਰ ਕੱਢਿਆ। ਹਾਦਸੇ ਵਿਚ ਗੁਰਮੀਤ ਕੌਰ, ਉਸ ਦੀ ਧੀ ਅਤੇ ਦੋ ਛੋਟੇ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ। ਜ਼ਖ਼ਮੀਆਂ ਨੂੰ ਪਹਿਲਾਂ ਮਾਨਾਵਾਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਅਗਲੇ ਇਲਾਜ ਲਈ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਰੈਫਰ ਕਰ ਦਿੱਤਾ । ਪਿੰਡ ਦੇ ਪੰਚਾਇਤ ਮੈਂਬਰ ਸੂਰਜ ਸਿੰਘ ਨੇ ਦੱਸਿਆ ਕਿ ਇਹ ਪਰਿਵਾਰ ਬਹੁਤ ਹੀ ਗਰੀਬ ਹੈ ਅਤੇ ਘਰ ਵਿਚ ਕਮਾਈ ਦਾ ਕੋਈ ਸਾਧਨ ਨਹੀਂ ਛੱਤ ਡਿੱਗਣ ਕਾਰਨ ਘਰ ਦਾ ਸਾਰਾ ਸਾਮਾਨ ਨੁਕਸਾਨਿਆ ਗਿਆ । ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ, ਪ੍ਰਸ਼ਾਸਨ ਅਤੇ ਵਿਦੇਸ਼ਾਂ ਵਿਚ ਵੱਸਦੇ ਐੱਨ.ਆਰ.ਆਈ. ਪੰਜਾਬੀ ਵੀਰਾਂ ਨੂੰ ਇਸ ਪਰਿਵਾਰ ਦੀ ਆਰਥਿਕ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ
ਪਿੰਡ ਮੱਲ੍ਹੀਆਂ ਵਿਚ ਗਰੀਬ ਵਿਧਵਾ ਦੇ ਘਰ ਦੀ ਛੱਤ ਡਿੱਗੀ, ਪੰਜ ਜਣੇ ਜ਼ਖ਼ਮੀ
ਅਜੀਤ ਡੈਸਕ
13-07-2026