ਸੁਲਤਾਨਵਿੰਡ, 14 ਜੁਲਾਈ (ਗੁਰਨਾਮ ਸਿੰਘ ਬੁੱਟਰ)- ਪੁਲਿਸ ਥਾਣਾ ਸੁਲਤਾਨਵਿੰਡ ਅਧੀਨ ਪੈਂਦੇ ਕੋਟ ਮਿੱਤ ਸਿੰਘ ਇਲਾਕੇ ਵਿਚ ਦੇਰ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਕੁਝ ਨੌਜਵਾਨਾਂ ਵਲੋਂ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ। ਗੋਲੀਆਂ ਘਰ ਦੇ ਮੁੱਖ ਦਰਵਾਜ਼ੇ ਅਤੇ ਅੰਦਰਲੇ ਹਿੱਸੇ ਤੱਕ ਲੱਗੀਆਂ, ਜਿਸ ਕਾਰਨ ਪਰਿਵਾਰ ਦੇ ਮੈਂਬਰ ਸਹਿਮ ਗਏ। ਹਾਲਾਂਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਪੂਰੇ ਇਲਾਕੇ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ । ਪੀੜਤ ਕਪਿਲ ਪੁੱਤਰ ਪ੍ਰੇਮ ਨਾਥ ਵਾਸੀ ਕੋਟ ਮਿੱਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨੇੜੇ ਰਹਿਣ ਵਾਲਾ ਨੌਜਵਾਨ ਦੋ ਮੋਟਰਸਾਇਕਲਾਂ ‘ਤੇ ਸਵਾਰ ਹੋ ਕੇ ਆਪਣੇ 6 ਤੋਂ 7 ਹੋਰ ਅਣਪਛਾਤੇ ਸਾਥੀਆਂ ਨਾਲ ਦੇਰ ਰਾਤ ਉਨ੍ਹਾਂ ਦੀ ਗਲੀ ਵਿਚ ਆਏ ਅਤੇ ਗੁੰਡਾਗਦਰੀ ਦਾ ਨੰਗਾ ਨਾਚ ਕੀਤਾ। ਪਹਿਲਾਂ ਉਨ੍ਹਾਂ ਵਲੋਂ ਗਾਲੀ-ਗਲੋਚ ਕੀਤੀ ਗਈ ਅਤੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਅਚਾਨਕ ਘਰ ਵੱਲ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ । ਕਪਿਲ ਨੇ ਦੱਸਿਆ ਕਿ ਚਲਾਈਆਂ ਗਈਆਂ ਗੋਲੀਆਂ ਉਨ੍ਹਾਂ ਦੇ ਘਰ ਦੇ ਬਾਹਰਲੇ ਦਰਵਾਜ਼ੇ ਅਤੇ ਘਰ ਦੇ ਅੰਦਰ ਲੱਗੀਆਂ। ਉਸ ਸਮੇਂ ਪਰਿਵਾਰ ਦੇ ਮੈਂਬਰ ਘਰ ਅੰਦਰ ਮੌਜੂਦ ਸਨ, ਪਰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ । ਪੀੜਤ ਪਰਿਵਾਰ ਨੇ ਗੁੰਡਾਗਰਦੀ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਦੱਸਿਆ ਕਿ ਇਸ ਸਬੰਧੀ ਪੁਲਿਸ ਥਾਣਾ ਸੁਲਤਾਨਵਿੰਡ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਕਪਿਲ ਨੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਅਪੀਲ ਕੀਤੀ ਕਿ ਘਰ ‘ਤੇ ਫਾਇਰਿੰਗ ਕਰਨ ਵਾਲੇ ਸਾਰੇ ਵਿਅਕਤੀਆਂ ਦੀ ਜਲਦ ਤੋਂ ਜਲਦ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ । ਦੂਜੇ ਪਾਸੇ, ਇਸ ਮਾਮਲੇ ਸਬੰਧੀ ਏ.ਐਸ.ਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਕਪਿਲ ਪੁੱਤਰ ਪ੍ਰੇਮ ਨਾਥ ਵਾਸੀ ਕੋਟ ਮਿੱਤ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਗੋਲੀਆ ਚਲਾਉਣ ਵਾਲੇ ਨੌਜਵਾਨਾਂ ਸਮੇਤ ਕਰੀਬ ਚਾਰ ਵਿਅਕਤੀਆਂ ਦੇ ਖਿਲਾਫ ਥਾਣਾ ਸੁਲਤਾਨਵਿੰਡ ਵਿਖੇ ਧਾਰਾ 307,109 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ।
ਕੋਟ ਮਿੱਤ ਸਿੰਘ ਵਿਖੇ ਦੇਰ ਰਾਤ ਘਰ ’ਤੇ ਅੰਨ੍ਹੇਵਾਹ ਫਾਇਰਿੰਗ, ਪਰਿਵਾਰ ਵਾਲ-ਵਾਲ ਬਚਿਆ
ਅਜੀਤ ਡੈਸਕ
15-07-2026