ਲੌਂਗੋਵਾਲ, 14 ਜੁਲਾਈ (ਵਿਨੋਦ, ਸ. ਖੰਨਾ) - ਉਪ ਮੰਡਲ ਲੌਂਗੋਵਾਲ ਅਧੀਨ ਪੈਂਦੇ ਪਿੰਡ ਸ਼ੇਰੋਂ ਵਿਚ ਸਾਰੀ ਸਾਰੀ ਰਾਤ ਲੱਗਦੇ ਬਿਜਲੀ ਦੇ ਅਣ ਐਲਾਨੇ ਕੱਟਾਂ ਤੋਂ ਪਿੰਡ ਵਾਸੀ ਡਾਹਢੇ ਪਰੇਸ਼ਾਨ ਹਨ। ਅੱਤ ਦੀ ਗਰਮੀ ਵਿਚ ਜਦੋਂ ਸਰਕਾਰੀ ਲਾਈਨ ਖਰਾਬ ਹੋ ਜਾਂਦੀ ਹੈ ਤਾਂ ਉਸ ਨੂੰ ਠੀਕ ਕਰਨ ਲਈ ਪਿੰਡ ਵਿਚ ਕੋਈ ਮੁਲਾਜ਼ਮ ਉਪਲਬਧ ਨਹੀਂ ਹੁੰਦਾ। ਜਿਸ ਕਾਰਨ ਰੋਗੀਆਂ, ਬਜ਼ੁਰਗਾਂ, ਨਿੱਕੇ ਬੱਚਿਆਂ ਅਤੇ ਵਿਦਿਆਰਥੀਆਂ ਦਾ ਜਿਊਣਾ ਦੁੱਭਰ ਹੋ ਜਾਂਦਾ ਹੈ। ਪਿੰਡ ਵਾਸੀ ਲੰਘੇ 2 ਦਿਨਾਂ ਤੋਂ ਇਸ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ। ਐਤਵਾਰ ਦੀ ਰਾਤ ਤਾਂ ਸ਼ੇਰੋਂ ਨਿਵਾਸੀਆਂ ਨੇ ਬੈਠ ਕੇ ਹੀ ਕੱਟੀ ਹੈ। ਇਸ ਸਬੰਧ ਵਿਚ ਜਦੋਂ ਸਬੰਧਿਤ ਬਿਜਲੀ ਅਧਿਕਾਰੀਆਂ ਨੂੰ ਫੋਨ ਕੀਤਾ ਜਾਂਦਾ ਹੈ ਤਾਂ ਫੋਨ ਨਿਰ ਉੱਤਰ ਹੋ ਜਾਂਦੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਜਸਪਾਲ ਸਿੰਘ ਮੱਖਣ ਨੇ ਕਿਹਾ ਕਿ ਕਹਿਣ ਨੂੰ ਤਾਂ ਇਹ ਪਿੰਡ 24 ਘੰਟੇ ਸਪਲਾਈ ਲਈ ਸ਼ਹਿਰੀ ਵਸੋਂ ਵਿਚ ਪਾਇਆ ਗਿਆ ਹੈ ਪਰ ਸ਼ਹਿਰਾਂ ਵਾਲੀ ਸਹੂਲਤ ਕੋਈ ਹੈ ਨਹੀਂ। ਇੱਥੇ ਜਦੋਂ ਜੀਅ ਕਰਦਾ ਹੈ ਬਿਜਲੀ ਕੱਟ ਦਿੱਤੀ ਜਾਂਦੀ ਹੈ। ਜੇਕਰ ਇਕ ਲਾਈਨ ਵੀ ਫਾਲਟ ਹੈ ਤਾਂ ਵੀ ਸਾਰੇ ਪਿੰਡ ਦੀ ਬਿਜਲੀ ਕੱਟ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਮੀਂਹ ਹਨੇਰੀ ਹੁੰਦੀ ਤਾਂ ਪਟਿਆਲੇ ਤੋਂ ਪਾਰ ਹੁੰਦੀ ਹੈ ਪਰ ਬਿਜਲੀ ਪਹਿਲਾਂ ਸ਼ੇਰੋਂ ਦੀ ਕਟ ਦਿੱਤੀ ਜਾਂਦੀ ਹੈ।ਉਹਨਾਂ ਮੰਗ ਕੀਤੀ ਹੈ ਕਿ ਪਿੰਡ ਸ਼ੇਰੋਂ ਵਿਖੇ ਨਿਰਵਿਘਨ ਬਿਜਲੀ ਸਪਲਾਈ ਲਈ ਇੱਥੇ ਸਥਿਤ ਗਰਿੱਡ ਵਿਚ 2 ਮੁਲਾਜ਼ਮਾਂ ਦੀ ਪੱਕੀ ਡਿਊਟੀ ਲਾਈ ਜਾਵੇ।