ਅੰਮ੍ਰਿਤਸਰ, 20 ਜੁਲਾਈ (ਰੇਸ਼ਮ ਸਿੰਘ )-ਨੀਟ ਅਤੇ ਹੋਰ ਮੁਕਾਬਲਾ ਪ੍ਰੀਖਿਆਵਾਂ ’ਚ ਹੋਈ ਹੇਰਾ-ਫੇਰੀ ਦੇ ਵਿਰੋਧ ’ਚ ਦਿੱਲੀ ਦੇ ਜੰਤਰ-ਮੰਤਰ ਵਿਖੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੇ ਪ੍ਰਸਿੱਧ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਪੁਲਿਸ ਵਲੋਂ ਜਬਰੀ ਚੁੱਕ ਕੇ ਹਸਪਤਾਲ ਦਾਖਲ ਕਰਵਾਉਣ ਦੀ ਕਾਰਵਾਈ ਦਾ ਤਿੱਖਾ ਵਿਰੋਧ ਸ਼ੁਰੂ ਹੋ ਗਿਆ ਹੈ। ਇਸੇ ਦੇ ਚੱਲਦਿਆਂ ਅੱਜ ਸੀਪੀਆਈ (ਐੱਮ) ਦੀ ਅੰਮ੍ਰਿਤਸਰ ਇਕਾਈ ਦੇ ਸੱਦੇ ‘ਤੇ ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀਟੂ ਵਲੋਂ ਸਾਂਝੇ ਤੌਰ ਤੇ ਸਥਾਨਕ ਪੁਤਲੀਘਰ ਚੌਕ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਪੁਤਲਾ ਫੂਕਿਆ ਗਿਆ । ਇਸ ਮੌਕੇ ਸੀਟੂ ਦੇ ਸੂਬਾਈ ਮੀਤ ਪ੍ਰਧਾਨ ਕਾਮਰੇਡ ਸੁੱਚਾ ਸਿੰਘ ਅਜਨਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਲੱਖਾਂ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਦੋਸ਼ੀਆਂ ਨੂੰ ਬਚਾਉਣ ਅਤੇ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ। ਕੇਂਦਰ ਸਰਕਾਰ ਨੂੰ ਤੁਰੰਤ ਸਿੱਖਿਆ ਮੰਤਰੀ ਦਾ ਅਸਤੀਫਾ ਲੈਣਾ ਚਾਹੀਦਾ ਹੈ ਅਤੇ ਪ੍ਰੀਖਿਆਵਾਂ ਵਿਚ ਹੋਏ ਘੁਟਾਲੇ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਚਰਨਜੀਤ ਮਜੀਠਾ, ਜਸਬੀਰ ਸਿੰਘ ਝਬਾਲ, ਐਡਵੋਕੇਟ ਕਵਲਜੀਤ ਕੌਰ, ਸੁਖਦੇਵ ਸਿੰਘ ਰੇਲਵੇ, ਕਵਲਜੀਤ ਸਿੰਘ ਕੌਰ ਰੇਲਵੇ, ਬਲਜਿੰਦਰ ਸਿੰਘ, ਸੰਤੋਖ ਸਿੰਘ, ਨਰਿੰਦਰ ਧੰਜਲ, ਪ੍ਰੇਮ ਬਿਲਾਸ, ਵਾਸੂਦੇਵ, ਮਨਜੀਤ ਸਿੰਘ ਝਬਾਲ, ਗੁਰਦੀਪ ਸਿੰਘ ਭਿੱਖੀਵਿੰਡ ਅਤੇ ਮਨਜੀਤ ਓਬਰਾਏ ਸਮੇਤ ਵੱਡੀ ਗਿਣਤੀ ਵਿਚ ਵਰਕਰ ਅਤੇ ਸਾਥੀ ਹਾਜ਼ਰ ਸਨ।
ਸੋਨਮ ਵਾਂਗਚੁੱਕ ਨੂੰ ਜਬਰੀ ਚੁੱਕਣ ਦੇ ਵਿਰੋਧ ’ਚ ਕਾਮਰੇਡਾਂ ਨੇ ਕੇਂਦਰੀ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ
ਅਜੀਤ ਡੈਸਕ
21-07-2026