ਛੇਹਰਟਾ, 20 ਜੁਲਾਈ (ਪੱਤਰ ਪ੍ਰੇਰਕ)-ਪੁਲਿਸ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇਲਾਕਾ ਸੰਧੂ ਕਾਲੋਨੀ ਦੇ ਬਾਹਰ ਖੜੀ ਕਾਲੇ ਰੰਗ ਦੀ ਥਾਰ ਗੱਡੀ ’ਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਥਾਰ ਗੱਡੀ ਬੀਤੀ ਰਾਤ ਤੋਂ ਹੀ ਉੱਥੇ ਖੜੀ ਸੀ, ਲਵਾਰਸ ਖੜੀ ਗੱਡੀ ਨੂੰ ਵੇਖ ਕੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀੇ । ਮੌਕੇ ’ਤੇ ਪਹੁੰਚੀ ਪੁਲਿਸ ਪਾਰਟੀ ਵਲੋਂ ਗੱਡੀ ਦੀ ਛਾਣਬੀਣ ਕੀਤੀ ਤਾਂ ਗੱਡੀ ਦੀ ਡਰਾਈਵਰ ਸੀਟ ਤੋਂ ਇੱਕ ਵਿਅਕਤੀ ਮ੍ਰਿਤਕ ਹਾਲਤ ਵਿਚ ਤੇ ਗੱਡੀ ਵਿਚੋਂ ਸ਼ਰਾਬ ਦੀ ਬੋਤਲ ਤੇ ਮੋਬਾਈਲ ਫੋਨ ਮਿਲਿਆ ਹੈ। ਜਿਸ ਤੋਂ ਬਾਅਦ ਪੁਲਿਸ ਮ੍ਰਿਤਕ ਵਿਅਕਤੀ ਸਮੇਤ ਗੱਡੀ ਨੂੰ ਹਸਪਤਾਲ ਲੈ ਗਈ ਹੈ। ਮ੍ਰਿਤਕ ਵਿਅਕਤੀ ਦੀ ਪਹਿਚਾਨ ਪ੍ਰਭਬੀਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਝੰਜੋਟੀ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜੇ ਇਹ ਸਾਫ ਨਹੀਂ ਹੋਇਆ ਹੈ ਕਿ ਵਿਅਕਤੀ ਦੀ ਮੌਤ ਕਿੰਨਾ ਹਲਾਤਾਂ ਵਿਚ ਹੋਈ ਹੈ। ਮ੍ਰਿਤਕ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਵਲੋਂ ਉਕਤ ਮਾਮਲੇ ਸੰਬੰਧੀ ਕੋਈ ਵੀ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੁਲਿਸ ਥਾਣਾ ਛੇਹਰਟਾ ਦੇ ਮੁੱਖ ਅਫਸਰ ਇੰਸਪੈਕਟਰ ਬਲਵਿੰਦਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਵਿਅਕਤੀ ਦੀ ਮੌਤ ਗੱਡੀ ਵਿਚ ਏ.ਸੀ. ਚਲਾ ਕੇ ਸੌਣ ਨਾਲ ਹੋਈ ਹੈ, ਅਧਿਕਾਰੀ ਦਾ ਕਹਿਣਾ ਹੈ ਕਿ ਵਿਅਕਤੀ ਨੇ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ, ਉਸ ਕੋਲੋਂ ਗੱਡੀ ਨਹੀਂ ਚੱਲ ਰਹੀ ਸੀ, ਜਿਸ ਕਾਰਨ ਉਹ ਗੱਡੀ ਸਾਈਡ ‘ਤੇ ਲਾ ਕੇ ਗੱਡੀ ਵਿਚ ਸੌਂ ਗਿਆ, ਇਸ ਤੋਂ ਬਾਅਦ ਏ.ਸੀ. ਨਾਲ ਉਸ ਦਾ ਦਮ ਘੁਟ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਬਣਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਛੇਹਰਟਾ ’ਚ ਖੜ੍ਹੀ ਥਾਰ ਗੱਡੀ ’ਚੋਂ ਵਿਅਕਤੀ ਦੀ ਲਾਸ਼ ਮਿਲੀ
ਅਜੀਤ ਡੈਸਕ
21-07-2026