ਸੁਲਤਾਨਵਿੰਡ, 20 ਜੁਲਾਈ (ਗੁਰਨਾਮ ਸਿੰਘ ਬੁੱਟਰ)- ਹਲਕਾ ਦੱਖਣੀ ਅਧੀਨ ਆਉਂਦੇ ਪਿੰਡ ਸੁਲਤਾਨਵਿੰਡ ਦੇ ਇਲਾਕਾ ਨਿਊ ਕੋਟ ਮੀਤ ਸਿੰਘ ਸਥਿਤ ਗਿਰਜਾ ਘਰ ਦੇ ਪਿੱਛੇ ਬਣੀਆਂ 11 ਫੁੱਟ ਅਤੇ 20 ਫੁੱਟ ਚੌੜੀਆਂ ਗਲੀਆਂ ਲੰਬੇ ਸਮੇਂ ਤੋਂ ਕੱਚੀਆਂ ਪਈਆਂ ਹੋਣ ਕਾਰਨ ਇਲਾਕਾ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਮਸਲੇ ਨੂੰ ਲੈ ਕੇ ਅੱਜ ਇਲਾਕਾ ਨਿਵਾਸੀਆਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਗਲੀਆਂ ਨੂੰ ਜਲਦ ਪੱਕਾ ਕਰਨ ਦੀ ਮੰਗ ਕੀਤੀ। ਰੋਸ ਪ੍ਰਦਰਸ਼ਨ ਦੌਰਾਨ ਲੋਕਾਂ ਨੇ ਦੱਸਿਆ ਕਿ ਕੱਚੀਆਂ ਗਲੀਆਂ ਕਾਰਨ ਬਰਸਾਤ ਦੇ ਦਿਨਾਂ ਵਿਚ ਪਾਣੀ ਖੜ੍ਹਾ ਹੋ ਜਾਂਦਾ ਹੈ ਅਤੇ ਚਿੱਕੜ ਪੈਣ ਨਾਲ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਬੱਚਿਆਂ, ਬਜ਼ੁਰਗਾਂ ਅਤੇ ਦੋਪਹੀਆ ਵਾਹਨ ਚਾਲਕਾਂ ਨੂੰ ਰੋਜ਼ਾਨਾ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਸੰਬੰਧਿਤ ਵਿਭਾਗ ਅਤੇ ਜਨ ਪ੍ਰਤੀਨਿਧੀਆਂ ਨੂੰ ਇਸ ਸਮੱਸਿਆ ਬਾਰੇ ਜਾਣੂੰ ਕਰਵਾ ਚੁੱਕੇ ਹਨ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਗਲੀਆਂ ਦੇ ਨਿਰਮਾਣ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ । ਇਸ ਮੌਕੇ ਮਨਮੀਤ ਸਿੰਘ, ਤਲਜਿੰਦਰ ਸਿੰਘ, ਮਨਜੀਤ ਸਿੰਘ, ਅਰਸ਼ਦੀਪ ਸਿੰਘ, ਮਨਪ੍ਰੀਤ ਸਿੰਘ, ਗੁਰਦੀਪ ਸਿੰਘ, ਕੁਲਵੰਤ ਸਿੰਘ, ਜਸਵੰਤ ਸਿੰਘ, ਸੇਵਕ ਸਿੰਘ, ਹਰਮਨ ਸਿੰਘ, ਬੀਬੀ ਨਿਰਮਲ ਕੌਰ, ਜਗਬੀਰ ਕੌਰ, ਮਨਪ੍ਰੀਤ ਕੌਰ, ਕੁਲਵੰਤ ਸਿੰਘ, ਸਰਬਜੀਤ ਕੌਰ, ਰਮਨਦੀਪ ਕੌਰ, ਜਸਵਿੰਦਰ ਕੌਰ, ਸਤਿਆ ਕੌਰ, ਮਨਪ੍ਰੀਤ ਕੌਰ ਅਤੇ ਹੋਰ ਇਲਾਕਾ ਵਾਸੀ ਹਾਜ਼ਰ ਸਨ। ਇਸ ਸੰਬੰਧੀ ਕੌਂਸਲਰ ਭਗਵੰਤ ਸਿੰਘ ਕੰਵਲ ਨੇ ਕਿਹਾ ਕਿ ਲੋਕਾਂ ਦੀ ਇਹ ਮੁਸ਼ਕਿਲ ਦਾ ਹੱਲ ਜਲਦੀ ਕਰ ਦਿੱਤਾ ਜਾਵੇਗਾ।
ਨਿਊ ਕੋਟ ਮੀਤ ਸਿੰਘ ਵਿਖੇ ਕੱਚੀਆਂ ਗਲੀਆਂ ਤੋਂ ਪ੍ਰੇਸ਼ਾਨ ਲੋਕਾਂ ਵਲੋਂ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ
ਅਜੀਤ ਡੈਸਕ
21-07-2026