ਅੰਮ੍ਰਿਤਸਰ, 21 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)- ਡੀ. ਏ. ਵੀ. ਇੰਟਰਨੈਸ਼ਨਲ ਸਕੂਲ ’ਚ ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਦੀ ਅਗਵਾਈ ਹੇਠ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਇੰਟਰ ਹਾਊਸ ਮੁਕਾਬਲਿਆਂ ਦਾ ਉਤਸ਼ਾਹਪੂਰਵਕ ਆਯੋਜਨ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਵਿਦਿਆਰਥੀਆਂ ‘ਚ ਰਚਨਾਤਮਕਤਾ, ਆਤਮ-ਵਿਸ਼ਵਾਸ, ਨੈਤਿਕ ਕਦਰਾਂ-ਕੀਮਤਾਂ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਦਾ ਵਿਕਾਸ ਕਰਨਾ ਸੀ । ਵੱਖ-ਵੱਖ ਹਾਊਸਾਂ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼, ਉਤਸ਼ਾਹ ਅਤੇ ਆਤਮ-ਵਿਸ਼ਵਾਸ ਨਾਲ ਭਾਗ ਲੈਂਦਿਆਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਗ੍ਰੀਨ ਵੈਲਕਮ ਰਾਹੀਂ ਵਾਤਾਵਰਨ ਦੀ ਸੰਭਾਲ ਦਾ ਪ੍ਰੇਰਨਾਦਾਇਕ ਸੰਦੇਸ਼ ਦਿੱਤਾ। ਤੀਜੀ ਜਮਾਤ ਦੇ ਵਿਦਿਆਰਥੀਆਂ ਲਈ ਸਟੋਰੀ ਟੈਲਿੰਗ ਮੁਕਾਬਲਾ ਕਰਵਾਇਆ ਗਿਆ। ਵਿਦਿਆਰਥੀਆਂ ਨੇ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ‘ਚ 2 ਤੋਂ 3 ਮਿੰਟ ਦੀਆਂ ਪ੍ਰਭਾਵਸ਼ਾਲੀ ਕਹਾਣੀਆਂ ਪੇਸ਼ ਕੀਤੀਆਂ । ਚੌਥੀ ਜਮਾਤ ਦੇ ਵਿਦਿਆਰਥੀਆਂ ਲਈ ‘ਚੰਗੀਆਂ ਆਦਤਾਂ’ ਵਿਸ਼ੇ ਉੱਤੇ ਭਾਸ਼ਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੇ ਸਮੇਂ ਦੀ ਪਾਬੰਦੀ, ਸਫ਼ਾਈ, ਅਨੁਸ਼ਾਸਨ, ਨਿਯਮਿਤ ਅਧਿਐਨ, ਵੱਡਿਆਂ ਦਾ ਸਤਿਕਾਰ ਅਤੇ ਸਿਹਤਮੰਦ ਜੀਵਨ-ਸ਼ੈਲੀ ਵਰਗੀਆਂ ਚੰਗੀਆਂ ਆਦਤਾਂ ਦੀ ਮਹੱਤਤਾ ਬਾਰੇ ਪ੍ਰਭਾਵਸ਼ਾਲੀ ਭਾਸ਼ਣ ਪੇਸ਼ ਕੀਤੇ । ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੇਪਰ ਬੈਗ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ । ਵਿਦਿਆਰਥੀਆਂ ਨੇ ਆਪਣੀ ਰਚਨਾਤਮਕਤਾ ਅਤੇ ਕਲਾਤਮਕ ਸੋਚ ਦਾ ਪ੍ਰਗਟਾਵਾ ਕਰਦਿਆਂ ਆਕਰਸ਼ਕ ਅਤੇ ਉਪਯੋਗੀ ਪੇਪਰ ਬੈਗ ਤਿਆਰ ਕੀਤੇ । ਇਸ ਮੌਕੇ ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਮਜ਼ਬੂਤ ਅਧਾਰ ਹਨ। ਅੰਤ ’ਚ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।
ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ ਇੰਟਰ ਹਾਊਸ ਮੁਕਾਬਲਿਆਂ ਦਾ ਸਫ਼ਲ ਆਯੋਜਨ
ਅਜੀਤ ਡੈਸਕ
22-07-2026