ਸੁਲਤਾਨਵਿੰਡ, 22 ਜੁਲਾਈ (ਗੁਰਨਾਮ ਸਿੰਘ ਬੁੱਟਰ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਵਲੋਂ ਲਿਖੀ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵਲੋਂ ਸੰਪਾਦਕ ਕੀਤੀ ਸੰਘਰਸ਼ੀ ਪੈਂਡੇ ਕਿਤਾਬ ਜਾਰੀ ਕਰਦਿਆਂ ਇਸ ਕਿਤਾਬ ਦੀ ਭਰਪੂਰ ਪ੍ਰਸੰਸਾ ਕਰਦਿਆਂ ਸੰਗਤਾਂ ਨੂੰ ਪੜ੍ਹਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਤਾਬ ‘ਚ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ (ਬਾਬਾ ਨੰਦ) ਅਤੇ ਉਨ੍ਹਾਂ ਦੀ ਸੁਪਤਨੀ ਬੀਬੀ ਕੁਲਵਿੰਦਰ ਕੌਰ ਖਾਲਸਾ ਦੀ ਸੰਘਰਸ਼ਮਈ ਗਾਥਾ ਤੋਂ ਇਲਾਵਾ ਗੁਰਦਾਸਪੁਰ ਦੇ ਸ਼ਹੀਦਾਂ ਅਤੇ ਹੋਰ ਘਟਨਾਵਾਂ ਬਾਰੇ ਵੀ ਲਿਖਿਆ ਹੈ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ 1978 ਤੋਂ 1995 ਤੱਕ ਦਾ ਇਤਿਹਾਸਕ ਦਸਤਾਵੇਜ਼ ਪੰਥ ਦੀ ਝੋਲੀ ‘ਚ ਪਾਉਣ ਲਈ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਮੈਂ ਧੰਨਵਾਦ ਕਰਦਾ ਹਾਂ । ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ 360 ਪੰਨਿਆਂ ਦੀ ਸੰਘਰਸ਼ੀ ਪੈਂਡੇ ਕਿਤਾਬ ਖ਼ਾਲਸਾ ਫਤਹਿਨਾਮਾ ਪ੍ਰਕਾਸ਼ਨ ਵਲੋਂ ਛਾਪੀ ਗਈ ਹੈ। ਕਿਤਾਬ ਵਿਚ ਸ਼ਹੀਦਾਂ ਅਤੇ ਜੁਝਾਰੂ ਸਿੰਘਾਂ ਦੀਆਂ ਹੱਥ-ਲਿਖਤ ਡਾਇਰੀਆਂ ਅਤੇ ਚਿੱਠੀਆਂ ਵੀ ਛਾਪੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਪਰਮਜੀਤ ਸਿੰਘ ਪੰਮਾ ਅਤੇ ਬੀਬੀ ਕੁਲਵਿੰਦਰ ਕੌਰ ਖਾਲਸਾ ਦੀ ਵੱਡੀ ਘਾਲਣਾ ਹੈ ਤੇ ਪੰਜ ਸਾਲ ਦੀ ਮਿਹਨਤ ਮਗਰੋਂ ਇਸ ਕਿਤਾਬ ਨੂੰ ਪੂਰਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕਿਤਾਬ ਦੇ ਲੇਖਿਕਾ ਬੀਬੀ ਕੁਲਵਿੰਦਰ ਕੌਰ ਖਾਲਸਾ ਨੇ ਕਿਹਾ ਕਿ ਇਹ ਕਿਤਾਬ ਜਿੱਥੇ ਸ਼ਹੀਦਾਂ ਦੀ ਯਾਦ ਅਤੇ ਸ਼ਾਨਾਮੱਤੇ ਇਤਿਹਾਸ ਨੂੰ ਸੰਭਾਲ਼ਦੀ ਹੈ, ਓਥੇ ਹੀ ਸਿੰਘਾਂ-ਸਿੰਘਣੀਆਂ ‘ਚ ਸਿੱਖੀ ਅਤੇ ਸੰਘਰਸ਼ ਪ੍ਰਤੀ ਦ੍ਰਿੜ੍ਹਤਾ ਭਰਦੀ ਹੈ। ਇਸ ਮੌਕੇ ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਜਸਬੀਰ ਸਿੰਘ ਬਚੜੇ, ਭਾਈ ਹਰਜੀਤ ਸਿੰਘ ਮੀਆਂਪੁਰ, ਬੀਬੀ ਸੁਖਜੀਤ ਕੌਰ ਕਪੂਰਥਲਾ, ਉਪਿੰਦਰ ਸਿੰਘ ਬਰਾੜ ਆਦਿ ਹਾਜ਼ਰ ਸਨ।