ਅੰਮ੍ਰਿਤਸਰ, 23 ਜੁਲਾਈ (ਹਰਮਿੰਦਰ ਸਿੰਘ)-ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੀਪਤੀ ਉੱਪਲ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਸ਼ਹਿਰ ‘ਚ ਚੱਲ ਰਹੇ ਵਿਕਾਸ ਕਾਰਜਾਂ ਦੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ। ਇਸ ਮੌਕੇ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ, ਵਧੀਕ ਕਮਿਸ਼ਨਰ ਡਾ: ਜੈ ਇੰਦਰ ਸਿੰਘ, ਵਾਟਰ ਟਰੀਟਮੈਂਟ ਪਲਾਂਟ ਪ੍ਰੋਜੈਕਟ, ਸਿਹਤ ਸ਼ਾਖਾ, ਜੀਆਈਐਸ ਸਰਵੇ ਪ੍ਰੋਜੈਕਟ, ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਅਧਿਕਾਰੀਆਂ ਅਤੇ ਵੱਖ-ਵੱਖ ਪ੍ਰੋਜੈਕਟਾਂ ਨੂੰ ਅਮਲ ‘ਚ ਲਿਆ ਰਹੀਆਂ ਏਜੰਸੀਆਂ ਅਤੇ ਕੰਪਨੀਆਂ ਦੇ ਨੁਮਾਇੰਦੇ ਸ਼ਾਮਿਲ ਸਨ । ਇਸ ਦੌਰਾਨ ਵਾਟਰ ਟ੍ਰੀਟਮੈਂਟ ਪਲਾਂਟ ਪ੍ਰੋਜੈਕਟ ਦੀ ਵਿਸਤ੍ਰਿਤ ਸਮੀਖਿਆ ਕੀਤੀ ਗਈ। ਮੈਡਮ ਦੀਪਤੀ ਉੱਪਲ ਆਈਏਐਸ ਨੇ ਸਬੰਧਤ ਏਜੰਸੀਆਂ ਨੂੰ ਕੰਮ ਦੀ ਰਫ਼ਤਾਰ ਤੇਜ਼ ਕਰਨ ਅਤੇ ਨਿਰਧਾਰਤ ਸਮੇਂ ਅੰਦਰ ਸਾਰੇ ਕੰਮ ਉੱਚ ਗੁਣਵੱਤਾ ਨਾਲ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਸੀਈਓ ਨੇ ਜੀਆਈਐਸ ਸਰਵੇਖਣ ਪ੍ਰੋਜੈਕਟ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਸਬੰਧਤ ਅਧਿਕਾਰੀਆਂ ਨੂੰ ਬਾਕੀ ਰਹਿੰਦੇ ਸਰਵੇਖਣ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਕ ਸਹੀ ਜੀਆਈਐਸ ਡਾਟਾਬੇਸ ਵਿਗਿਆਨਕ ਸ਼ਹਿਰੀ ਯੋਜਨਾਬੰਦੀ, ਬਿਹਤਰ ਸੰਪਤੀ ਪ੍ਰਬੰਧਨ ਅਤੇ ਨਾਗਰਿਕ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਏਗਾ । ਸ਼ਹਿਰ ਦੀ ਸਫ਼ਾਈ ਪ੍ਰਣਾਲੀ ਦੀ ਸਮੀਖਿਆ ਕਰਦਿਆਂ ਸੀ.ਈ.ਓ. ਨੇ ਸਫ਼ਾਈ ਵਾਹਨਾਂ ਦੀ ਤਾਇਨਾਤੀ, ਘਰ ਘਰ ’ਚੋਂ ਕੂੜਾ ਇਕੱਠਾ ਕਰਨ ਦੀ ਪ੍ਰਣਾਲੀ ਅਤੇ ਠੋਸ ਕਚਰਾ ਪ੍ਰਬੰਧਨ ਦੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸੀਵਰੇਜ਼ ਬੁਨਿਆਦੀ ਢਾਂਚੇ ਨਾਲ ਸਬੰਧਤ ਪ੍ਰੋਜੈਕਟਾਂ ਦੀ ਵੀ ਸਮੀਖਿਆ ਕੀਤੀ ਗਈ। ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨੂੰ ਨਗਰ ਨਿਗਮ ਨਾਲ ਆਪਸੀ ਤਾਲਮੇਲ ਬਣਾ ਕੇ ਸਾਰੇ ਪ੍ਰੋਜੈਕਟ ਨਿਰਧਾਰਤ ਸਮੇਂ ਅੰਦਰ ਪੂਰੇ ਕਰਨ ਅਤੇ ਕੰਮ ਦੌਰਾਨ ਲੋਕਾਂ ਨੂੰ ਘੱਟ ਤੋਂ ਘੱਟ ਅਸੁਵਿਧਾ ਹੋਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ।
ਪੀ.ਐਮ.ਆਈ.ਡੀ.ਸੀ. ਦੀ ਸੀ.ਈ.ਓ. ਦੀਪਤੀ ਉੱਪਲ ਨੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ
ਅਜੀਤ ਡੈਸਕ
24-07-2026