ਅੰਮ੍ਰਿਤਸਰ, 23 ਜੁਲਾਈ (ਹਰਮਿੰਦਰ ਸਿੰਘ)-ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਨੇ ਕਾਕਰੋਚ ਜਨਤਾ ਪਾਰਟੀ ਦੀ ਅਗਵਾਈ ‘ਚ ਜੰਤਰ-ਮੰਤਰ ਦਿੱਲੀ ਤੋਂ ‘ਨੀਟ ਪੇਪਰ ਲੀਕ’ ਦੇ ਮੁੱਦੇ ’ਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਦਿਆਂ, ਦਿੱਲੀ ਸੰਸਦ ਭਵਨ ਵੱਲ ਵਧਦੇ ਹੋਏ ਨੌਜਵਾਨ ਲੜਕੇ ਲੜਕੀਆਂ ’ਤੇ ਦਿੱਲੀ ਪੁਲਿਸ ਅਤੇ ਸੁਰੱਖਿਆ ਫੋਰਸਾਂ ਵਲੋਂ ਲਾਠੀਚਾਰਜ ਕਰਕੇ ਅੱਥਰੂ ਗੈਸ ਦੇ ਗੋਲੇ ਦਾਗ ਕੇ ਉਨ੍ਹਾਂ’’ਤੇ ਅੰਨਾ ਤਸ਼ੱਦਦ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰਨ ਅਤੇ ਨੌਜਵਾਨ ਲੜਕੀਆਂ ਅਤੇ ਔਰਤਾਂ ਨਾਲ ਬਦਸਲੂਕੀ ਕਰਨ ਦੀ ਸਖ਼ਤ ਸ਼ਬਦਾਂ ‘ਚ ਨਿੰਦਿਆ ਕੀਤੀ ਗਈ। ਇਸ ਸਬੰਧ ਵਿਚ ਫੋਕਲੋਰ ਰਿਸਰਚ ਅਕਾਦਮੀ ਦੀ ਹੋਈ ਬੈਠਕ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਦੱਸਿਆ ਕਿ ਪੁਲਿਸ ਦੇ ਲਾਠੀਚਾਰਜ ਨਾਲ ਬਹੁਤ ਸਾਰੇ ਵਿਦਿਆਰਥੀ ਸਖ਼ਤ ਜ਼ਖ਼ਮੀ ਹੋਏ। ਉਨ੍ਹਾਂ ਦੀਆਂ ਹੱਡੀਆਂ ਟੁੱਟ ਗਈਆਂ ਅਤੇ ਗੰਭੀਰ ਸੱਟਾਂ ਲੱਗੀਆਂ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲਾਂ ਵਿਚ ਦਾਖਲ ਹੋਣਾ ਪਿਆ। ਪਰ ਵਿਦਿਆਰਥੀਅ ਨੌਜਵਾਨਾਂ ਤੇ ਹੋਰ ਲੋਕਾਂ ਨੇ ਪੱਕੀ ਧਾਰ ਲਈ ਹੈ ਕਿ ਉਹ ਹਰ ਹਾਲਤ ‘ਚ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਲੈ ਕੇ ਹੀ ਦਮ ਲੈਣਗੇ। ਅਕਾਦਮੀ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੀ ਹੈ ਕਿ ਉਹ ਛੇਤੀ ਤੋਂ ਛੇਤੀ ਨੌਜਵਾਨਾਂ ਦੀਆਂ ਮੰਗਾਂ ਨੂੰ ਮੰਨ ਕੇ ਉਨ੍ਹਾਂ ਨਾਲ ਇਨਸਾਫ਼ ਕਰਕੇ ਦਿਖਾਏ । ਇਸ ਮੌਕੇ ਪ੍ਰੋ: ਸੁਰਜੀਤ ਜੱਜ, ਐਸ. ਪ੍ਰਸ਼ੋਤਮ, ਡਾ: ਪ੍ਰਭਜੋਤ, ਬਲਵਿੰਦਰ ਕੌਰ ਪੰਧੇਰ, ਹਰਜੀਤ ਸਿੰਘ ਸਰਕਾਰੀਆ, ਕਰਮਜੀਤ ਕੌਰ ਜੱਸਲ, ਕਮਲ ਗਿੱਲ, ਹਰੀਸ਼ ਸਾਬਰੀ, ਨਵਰਾਜ, ਜਗਰੂਪ ਐਮਾ ਆਦਿ ਹਾਜ਼ਰ ਸਨ।
ਫੋਕਲੋਰ ਰਿਸਰਚ ਅਕਾਦਮੀ ਨੇ ਦਿੱਲੀ ਪੁਲਿਸ ਵਲੋਂ ਨੌਜਵਾਨਾਂ ’ਤੇ ਤਸ਼ਦੱਦ ਕਰਨ ਦੀ ਕੀਤੀ ਨਿੰਦਿਆ
ਅਜੀਤ ਡੈਸਕ
24-07-2026