ਅੰਮ੍ਰਿਤਸਰ, 23 ਜੁਲਾਈ (ਰੇਸ਼ਮ ਸਿੰਘ)-ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਵਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੋ ਵੱਖ-ਵੱਖ ਕਾਰਵਾਈਆਂ ਵਿਚ 6.582 ਕਿੱਲੋਗ੍ਰਾਮ ਹੈਰੋਇਨ ਅਤੇ 9.90 ਲੱਖ ਰੁਪਏ ਦੀ ‘ਡਰੱਗ ਮਨੀ’ ਬਰਾਮਦ ਕੀਤੀ। ਇਹ ਜਾਣਕਾਰੀ ਡੀ.ਜੀ.ਪੀ. ਗੌਰਵ ਯਾਦਵ ਵਲੋਂ ਸੋਸ਼ਲ ਮੀਡੀਆ ਖਾਤੇ ‘ਤੇ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਅਜਨਾਲਾ ਤੇ ਬਿਆਸ ਵਿਖੇ ਮਾਮਲੇ ਦਰਜ ਕੀਤੇ ਗਏ ਹਨ। ਇਸ ਸੰਬੰਧੀ ਮਾਮਲੇ ‘ਚ ਸ਼ਾਮਿਲ ਬਾਕੀ ਮੁਲਜ਼ਮ ਸਹਿਯੋਗੀਆਂ ਦੀ ਪਛਾਣ ਕਰਨ ਅਤੇ ਪੂਰੀ ਸਪਲਾਈ ਚੇਨ ਨੂੰ ਖਤਮ ਕਰਨ ਲਈ ਹੋਰ ਜਾਂਚ ਜਾਰੀ ਹੈ। ਇਸ ਸੰਬੰਧੀ ਐੱਸ.ਐੱਸ.ਪੀ. ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ 2 ਅਹਿਮ ਆਪ੍ਰੇਸ਼ਨ ‘ਚ ਅਜਨਾਲਾ ਪੁਲਿਸ ਵਲੋਂ ਸ਼ਮਸ਼ੇਰ ਸਿੰਘ ਸ਼ੇਰਾ ਤੇ ਇਕ ਨਾਬਾਲਗ ਵਾਸੀਆਂ ਪਿੰਡ ਬੱਚੀਵਿੰਡ ਨੂੰ ਕਰੇਟਾ ਕਾਰ ਸਮੇਤ ਕਾਬੂ ਕੀਤਾ ਗਿਆ ਹੈ। ਜਿਨ੍ਹਾਂ ਪਾਸੋਂ 6.72 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਬਿਆਸ ਥਾਣਾ ਦੀ ਪੁਲਿਸ ਵਲੋਂ ਪਿੰਡ ਰਈਆ ਖੁਰਦ ਵਿਖੇ ਜਸਵਿੰਦਰ ਸਿੰਘ ਵਾਸੀ ਰਈਆ ਪਾਸੋਂ 510 ਗ੍ਰਾਮ ਹੈਰੋਇਨ ਤੇ 9 ਲੱਖ 90 ਹਜ਼ਾਰ ਨਕਦੀ ਬਰਾਮਦ ਕੀਤੀ ਗਈ। ਇਸ ਸੰਬੰਧੀ ਵੱਖ-ਵੱਖ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਅੰਮ੍ਰਿਤਸਰ ਦਿਹਾਤੀ ’ਚ 2 ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼-3 ਕਾਬੂ
ਅਜੀਤ ਡੈਸਕ
24-07-2026