ਅੰਮ੍ਰਿਤਸਰ, 23 ਜੁਲਾਈ (ਜਸਵੰਤ ਸਿੰਘ ਜੱਸ)-ਦਿੱਲੀ ’ਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ’ਤੇ ਹੋਏ ਲਾਠੀਚਾਰਜ ਬਾਰੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਦਿੱਤੇ ਗਏ ਬਿਆਨਾਂ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪਾਈ ਇਕ ਪੋਸਟ ਵਿਚ ‘ਆਪ’ ਆਗੂਆਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦਿੱਲੀ ਵਿਚ ਮਗਰਮੱਛ ਦੇ ਹੰਝੂ ਵਹਾਉਂਦੇ ਹੋ ਪੰਜਾਬ ਵਿਚ ਖ਼ੁਸ਼ ਹੁੰਦੇ ਹੋ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਤੁਸੀਂ 2 ਘੰਟੇ ਲਾਠੀਚਾਰਜ ‘ਤੇ ਪ੍ਰੈਸ ਕਾਨਫਰੰਸ ਕਰਦੇ ਹੋ, ਪਰ ਪੰਜਾਬ ਦੇ ਬਰਨਾਲਾ ‘ਚ ਤੁਹਾਡੇ ਗੁਰੂ ਦੋਖੀ ਭਗਵੰਤ ਮਾਨ ਨੇ ਸਫਾਈ ਸੇਵਕਾਂ ਦੇ ਸਰੀਰ ‘ਤੇ ਡਾਂਗਾਂ ਦੇ ਨਿਸ਼ਾਨ ਛੱਡ ਦਿੱਤੇ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਤਸਵੀਰਾਂ ‘ਤੇ ਹੰਝੂ ਵਹਾਉਣੇ ਆਸਾਨ ਨੇ, ਪਰ ਪੰਜਾਬ ਦੀਆਂ ਮਾਵਾਂ-ਭੈਣਾਂ ਦੇ ਸਰੀਰ ‘ਤੇ ਪਈਆਂ ਡਾਂਗਾਂ ਦਾ ਕੀ? ਆਪਣੀ ਪੋਸਟ ਨਾਲ ਪੁਲਿਸ ਵਲੋਂ ਪਿਛਲੇ ਦਿਨੀਂ ਬਰਨਾਲਾ ਵਿਚ ਮੁਲਾਜ਼ਮਾਂ ‘ਤੇ ਕੀਤੇ ਲਾਠੀਚਾਰਜ ਸਬੰਧੀ ਵੀਡੀਓ ਅਪਲੋਡ ਕਰਦਿਆਂ ਉਨ੍ਹਾਂ ਕਿਹਾ ਕਿ ਬਰਨਾਲਾ ‘ਚ ਜਿਨ੍ਹਾਂ ਨੇ ਸ਼ਹਿਰ ਚਮਕਾਇਆ, ਤੁਹਾਡੇ ਗੁਰੂ ਦੋਖੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਹੀ ਲਹੂ-ਲੁਹਾਣ ਕਰ ਦਿੱਤਾ। ਸਫਾਈ ਕਰਮਚਾਰੀ ਹੱਕ ਮੰਗ ਰਹੇ ਸਨ, ਭੀਖ ਨਹੀਂ। ਸ: ਮਜੀਠੀਆ ਨੇ ਕਿਹਾ ਕਿ ਤੁਹਾਡੀ ਰੰਗੀਲੀ ਸਰਕਾਰ ‘ਚ ਹੁਣ ਝਾੜੂ ਫੜਨਾ ਵੀ ਜ਼ੁਰਮ ਹੈ, ਪੰਜਾਬ 2027 ਯਾਦ ਰੱਖੇਗਾ।
ਅਕਾਲੀ ਆਗੂ ਮਜੀਠੀਆ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ‘ਆਪ’ ਆਗੂਆਂ ਨੂੰ ਘੇਰਿਆ
ਅਜੀਤ ਡੈਸਕ
24-07-2026