ਅੰਮ੍ਰਿਤਸਰ, 24 ਜੁਲਾਈ (ਰੇਸ਼ਮ ਸਿੰਘ)-ਭਾਰਤ ਵਾਇਰਲ ਹੈਪੇਟਾਈਟਸ ਦੇ ਰੂਪ ਵਿਚ ਇਕ ਵਧਦੀ ਹੋਈ, ਪਰ ਅਕਸਰ ਅਣਦੇਖੀ ਕਰ ਦਿੱਤੀ ਜਾਂਦੀ ਜਨਤਕ ਸਿਹਤ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੇ ਅਨੁਸਾਰ ਦੇਸ਼ ਭਰ ‘ਚ ਲਗਭਗ 2 ਕਰੋੜ 90 ਲੱਖ ਹੈਪੇਟਾਈਟਸ ਬੀ ਨਾਲ ਅਤੇ 55 ਲੱਖ ਲੋਕ ਹੈਪੇਟਾਈਟਸ ਸੀ ਨਾਲ ਜੀ ਰਹੇ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਆਪਣੀ ਲਾਗ (ਇੰਫੈਕਸ਼ਨ) ਅਤੇ ਇਸਦੇ ਸੰਭਾਵੀ ਤੌਰ ‘ਤੇ ਜਾਨਲੇਵਾ ਨਤੀਜਿਆਂ ਤੋਂ ਅਣਜਾਣ ਹਨ। ਇਲਾਜ ਨਾ ਕੀਤੇ ਜਾਣ ‘ਤੇ, ਇਹ ਵਾਇਰਸ ਸਮੇਂ ਦੇ ਨਾਲ ਚੁੱਪਚਾਪ ਲੀਵਰ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜਿਸ ਨਾਲ ਇੰਫੈਕਸ਼ਨ ਟਿਸ਼ੂ ਬਣਦੇ ਹਨ, ਜੋ ਸਿਰੋਸਿਸ (ਲੀਵਰ ਫੇਲ੍ਹ ਹੋਣਾ) ਅਤੇ ਹੈਪੇਟੋਸੈਲੂਲਰ ਕਾਰਸੀਨੋਮਾ, ਲੀਵਰ ਦੇ ਕੈਂਸਰ ਦਾ ਸਭ ਤੋਂ ਆਮ ਰੂਪ ਬਣ ਸਕਦੇ ਹਨ। ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਡਾ: ਅਸੀਮ ਵਾਟਸ ਸਲਾਹਕਾਰ ਗੈਸਟ੍ਰੋਐਂਟਰੋਲੋਜੀ ਫੋਰਟਿਸ ਐਸਕਾਰਟ ਹਸਪਤਾਲ ਨੇ ਦੱਸਿਆ ਕਿ ਹੈਪੇਟਾਈਟਸ ਬੀ ਤੇ ਸੀ ਦੋਵੇਂ ਰਲ ਕੇ ਭਾਰਤ ਵਿਚ ਸਾਲਾਨਾ 18,500 ਤੋਂ ਵੱਧ ਲੀਵਰ ਕੈਂਸਰ ਦੀਆਂ ਮੌਤਾਂ ਦਾ ਕਾਰਨ ਬਣਦੇ ਹਨ, ਜੋ ਕਿ ਸਿਰੋਸਿਸ ਕਾਰਨ ਹੋਣ ਵਾਲੀਆਂ ਹਜ਼ਾਰਾਂ ਮੌਤਾਂ ਤੋਂ ਇਲਾਵਾ ਹਨ। ਚੰਗੀ ਗੱਲ ਇਹ ਹੈ ਕਿ ਸਧਾਰਨ ਖੂਨ ਦੇ ਟੈਸਟ ਜਲਦੀ ਇੰਫੈਕਸ਼ਨ ਦਾ ਪਤਾ ਲਗਾ ਸਕਦੇ ਹਨ, ਜਿਸ ਕਰਕੇ ਸਮੇਂ ਸਿਰ ਇਲਾਜ ਹੋ ਸਕਦਾ ਹੈ ਅਤੇ ਕਿਸੇ ਵੀ ਅਜਿਹੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ, ਜਿਸਨੂੰ ਠੀਕ ਨਹੀਂ ਕੀਤਾ ਜਾ ਸਕਦਾ ਹੈ। ਨਿਯਮਤ ਜਾਂਚ ਸਮੇਂ ਸਿਰ ਸਥਿਤੀਆਂ ਦਾ ਪਤਾ ਲਗਾਉਣ ਵਿਚ ਮਦਦ ਕਰ ਸਕਦੀ ਹੈ। ਇਸੇ ਦੇ ਪ੍ਰਮੁਖ ਲੱਛਣ ਜਿਵੇਂ ਲਗਾਤਾਰ ਥਕਾਵਟ, ਭੁੱਖ ਨਾ ਲੱਗਣਾ ਅਤੇ ਭਾਰ ਘਟਣਾ, ਚਮੜੀ ਜਾਂ ਅੱਖਾਂ ਦਾ ਪੀਲਾ ਹੋਣਾ, ਪੇਟ ਵਿਚ ਦਰਦ ਜਾਂ ਸੋਜ, ਜੀ ਮਚਲਾਉਣਾ ਤੇ ਉਲਟੀਆਂ, ਲੱਤਾਂ ਵਿਚ ਸੋਜ ਆਦਿ ਹਨ। ਇਸ ਦੀ ਬਕਾਇਦਾ ਸਕ੍ਰੀਨਿੰਗ ਅਤੇ ਰੋਕਥਾਮ ਨਾਲ ਜਾਨ ਬਚ ਸਕਦੀ ਹੈ। ਇਸ ਤੋਂ ਬਚਾਅ ਲਈ ਇਕ ਸਧਾਰਨ ਖੂਨ ਦੀ ਜਾਂਚ ਲੀਵਰ ਦੇ ਨੁਕਸਾਨ ਤੋਂ ਪਹਿਲਾਂ ਹੈਪੇਟਾਈਟਸ ਦਾ ਪਤਾ ਲਗਾਉਣ ਵਿਚ ਮਦਦ ਕਰ ਸਕਦੀ ਹੈ ਸਿਰੋਸਿਸ, ਲੀਵਰ ਫੇਲ੍ਹ ਹੋਣ ਅਤੇ ਲੀਵਰ ਦੇ ਕੈਂਸਰ ਨੂੰ ਰੋਕ ਸਕਦੀ ਹੈ, ਅਤੇ ਲੰਬੇ ਸਮੇਂ ਦੇ ਸਿਹਤ ਨਤੀਜਿਆਂ ਵਿਚ ਮਹੱਤਵਪੂਰਨ ਸੁਧਾਰ ਹੋ ਸਕਦਾ ਹੈ।