ਅੰਮ੍ਰਿਤਸਰ, 24 ਜੁਲਾਈ (ਰੇਸ਼ਮ ਸਿੰਘ )-ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਧੀਨ ਚੱਲ ਰਹੀ ਕਮਿਊਨਟੀ ਹੋਮ ਫਾਰ ਮੈਂਟਲੀ ਰਿਟਾਰਡਿਡ ਮਜੀਠਾ ਰੋਡ ਵਿਖੇ ਪਿਛਲੇ 5 ਸਾਲਾਂ ਤੋਂ ਰਹਿ ਰਹੀ ਇੱਕ ਲਾਪਤਾ ਮਹਿਲਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਸੁਚੱਜੇ ਯਤਨਾਂ ਸਦਕਾ ਉਸ ਦੇ ਪਰਿਵਾਰ ਨਾਲ ਮੁੜ ਮਿਲਾ ਦਿੱਤਾ ਗਿਆ ਹੈ। ਅਸੀਸ ਇੰਦਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਔਰਤ ਸੋਂਬਰੀ ਮੁਦੀ (43 ਸਾਲ) 5 ਜੁਲਾਈ 2021 ਤੋਂ ਇਥੇ ਕਮਿਊਨਟੀ ਹੋਮ ਵਿਚ ਰਹਿ ਰਹੀ ਸੀ। ਉਹ ਲਗਾਤਾਰ ਆਪਣੇ ਘਰ ਵਾਪਸ ਜਾਣ ਦੀ ਇੱਛਾ ਪ੍ਰਗਟ ਕਰਦੀ ਰਹਿੰਦੀ ਸੀ ਪਰ ਭਾਸ਼ਾ ਦੀ ਸਮੱਸਿਆ ਅਤੇ ਪਰਿਵਾਰ ਬਾਰੇ ਜਾਣਕਾਰੀ ਨਾ ਹੋਣ ਕਾਰਨ ਉਸ ਦੇ ਪਰਿਵਾਰ ਤੱਕ ਪਹੁੰਚਣਾ ਸੰਭਵ ਨਹੀਂ ਹੋ ਰਿਹਾ ਸੀ। ਸੰਸਥਾ ਵਲੋਂ ਮਹਿਲਾ ਦਾ ਆਧਾਰ ਕਾਰਡ ਬਣਵਾਉਣ ਦੌਰਾਨ ਉਸ ਦੇ ਪਤੇ ਸੰਬੰਧੀ ਜਾਣਕਾਰੀ ਪ੍ਰਾਪਤ ਹੋਈ ਜਿਸ ਤੋਂ ਪਤਾ ਲੱਗਾ ਕਿ ਉਹ ਕੁੰਜਾਚੱਕ ਜ਼ਿਲ੍ਹਾ ਅਮਦਾਈ ਪੱਛਮੀ ਬੰਗਾਲ ਦੀ ਵਸਨੀਕ ਹੈ। ਇਸ ਤੋਂ ਬਾਅਦ ਸੰਸਥਾ ਵਲੋਂ ਟਰਾਂਸਲੇਟਰ ਦੀ ਮਦਦ ਨਾਲ ਮਹਿਲਾ ਦੀ ਕੌਂਸਲਿੰਗ ਕਰਵਾਈ ਗਈ, ਜਿਸ ਰਾਹੀਂ ਉਸ ਦੇ ਪਰਿਵਾਰਕ ਮੈਂਬਰਾਂ ਬਾਰੇ ਹੋਰ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋ ਸਕੀ। ਕਮਿਊਨਟੀ ਹੋਮ ਦੀ ਸੁਪਰਡੈਂਟ ਮਿਸ ਸਵਿਤਾ ਰਾਣੀ ਨੇ ਸਖੀ ਵਨ ਸਟਾਪ ਸੈਂਟਰ ਦੀ ਇੰਚਾਰਜ ਸ੍ਰੀਮਤੀ ਪ੍ਰੀਤੀ ਸ਼ਰਮਾ ਦੇ ਸਹਿਯੋਗ ਨਾਲ ਮਹਿਲਾ ਦੇ ਪਤੇ ਦੀ ਤਸਦੀਕ ਕਰਵਾਈ। ਪਤਾ ਸਹੀ ਪਾਏ ਜਾਣ ਉਪਰੰਤ ਪਰਿਵਾਰ ਨਾਲ ਸੰਪਰਕ ਸਥਾਪਤ ਕੀਤਾ ਗਿਆ, ਜਿਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਮਹਿਲਾ ਨੂੰ ਆਪਣੇ ਨਾਲ ਵਾਪਸ ਲਿਜਾਣ ਦੀ ਇੱਛਾ ਜ਼ਾਹਰ ਕੀਤੀ । ਇਸ ਉਪਰੰਤ ਸਾਰੀ ਕਾਨੂੰਨੀ ਅਤੇ ਪ੍ਰਸ਼ਾਸਨਿਕ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਮਹਿਲਾ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਗਿਆ। ਉਸਨੂੰ ਉਸਦੇ ਘਰ ਤੱਕ ਸੁਰੱਖਿਅਤ ਪਹੁਚਾਉਣਾ ਯਕੀਨੀ ਬਣਾਉਣ ਲਈ ਸੰਸਥਾ ਵਲੋਂ ਪੁਲਿਸ ਗਾਰਦ ਦਾ ਪ੍ਰਬੰਧ ਕੀਤਾ ਗਿਆ ਅਤੇ ਮਹਿਲਾ ਨੂੰ ਸੰਸਥਾ ਦੀ ਅਟੈਂਡੈਂਟ ਅਤੇ ਪੁਲਿਸ ਸੁਰੱਖਿਆ ਦੇ ਨਾਲ ਉਸ ਦੇ ਜੱਦੀ ਰਾਜ ਪੱਛਮੀ ਬੰਗਾਲ ਭੇਜਿਆ ਗਿਆ।