ਅੰਮ੍ਰਿਤਸਰ, 24 ਜੁਲਾਈ (ਰੇਸ਼ਮ ਸਿੰਘ)-ਜਿੱਥੇ ਇਕ ਪਾਸੇ ਡੀ. ਸੀ. ਦਫਤਰ ਇੰਪਲਾਈਜ਼ ਐਸੋਸੀਏਸ਼ਨ ਦੀ ਕਲਮ ਛੋੜ ਹੜਤਾਲ ਜ਼ਾਰੀ ਹੈ ਪਰ ਇਸ ਦਾ ਅਸਰ ਇਥੇ ਸਬ ਰਜਿਸਟਰਾਰ ਦਫਤਰਾਂ ‘ਚ ਨਹੀਂ ਪਿਆ ਅਤੇ ਹੜਤਾਲ ਦੇ ਬਾਵਜੂਦ ਰਜਿਸਰੀਆਂ ਦਾ ਕੰਮ ਜ਼ਾਰੀ ਰਿਹਾ। ਮਿਲੇ ਵੇਰਵਿਆਂ ਅਨੁਸਾਰ ਡੀ. ਸੀ. ਦਫਤਰ ਇੰਪਲਾਈਜ਼ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਤਜਿੰਦਰ ਸਿੰਘ ਤੇ ਕਾਰਜਜ਼ਕਾਰੀ ਦੇ ਆਦੇਸ਼ਾਂ ‘ਤੇ ਅੱਜ ਸੂਬੇ ਭਰ ‘ਚ ਕਲਮਛੋੜ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ। ਜਦੋਂ ਕਿ ਇਥੇ ਸਬ ਰਜਿਸਟਰਾਰ ਦਫਤਰ ‘ਚ ਇਕ ਨਾਈਬ ਤਹਿਸੀਲਦਾਰ ਲਖਵਿੰਦਰ ਸਿੰਘ ਵਲੋਂ 34, ਸਬ ਰਜਿਸਟਰਾਰ ਜਸਬੀਰ ਸਿੰਘ ਵਲੋਂ 70 ਅਤੇ ਸਬ ਰਜਿਸਟਰਾਰ ਦਫਤਰ-2 ‘ਚ ਵਿਕਾਸ ਗੁਪਤਾ ਵਲੋਂ 72, ਸੰਜੀਵ ਕੁਮਾਰ ਦੇ ਦਫਤਰਾਂ ਵਲੋਂ 35 ਰਜਿਸਟਰੀਆਂ ਦਾ ਤਸਦੀਕੀਕਰਨ ਕੀਤਾ ਗਿਆ। ਦੂਜੇ ਪਾਸੇ ਹੜਤਾਲ ਕਾਰਨ ਲੋਕਾਂ ਦੇ ਜਮਾਂਬੰਦੀ, ਇੰਤਕਾਲ, ਵਿਆਹ ਸ਼ਾਦੀ ਦੇ ਸਰਟੀਫਿਕੇਟ, ਅਨੂਸੁਚਿਤ ਜਾਤੀ, ਜਨ ਜਾਤੀ, ਪਿਛੜੀ ਸ਼੍ਰੇਣੀ ਤੇ ਕਬੀਲੇ ਆਦਿ ਦੇ ਸਰਟੀਫਿਕੇਟ ਦਾ ਕੰਮ ਅਟਕਿਆ ਰਿਹਾ ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।