500 ਕਰੋੜ ਦੀ ਠੱਗੀ ਮਾਮਲਾ: ਪੀੜਤਾਂ ਦੇ ਹੱਕ ’ਚ ਨਿੱਤਰਿਆ ਸੰਯੁਕਤ ਕਿਸਾਨ ਮੋਰਚਾ
13 ਨੂੰ ਗੋਲਡਨ ਗੇਟ ਘੇਰਨ ਦੀ ਚਿਤਾਵਨੀ
ਸੁਲਤਾਨਵਿੰਡ, 10 ਅਗਸਤ (ਗੁਰਨਾਮ ਸਿੰਘ ਬੁੱਟਰ)- ਇੱਕ ਕੰਪਨੀ ਦੇ ਐੱਮ. ਡੀ.
ਸੁਲਤਾਨਵਿੰਡ, 10 ਅਗਸਤ (ਗੁਰਨਾਮ ਸਿੰਘ ਬੁੱਟਰ)- ਇੱਕ ਕੰਪਨੀ ਦੇ ਐੱਮ.ਡੀ. ਵਲੋਂ ਲੋਕਾਂ ਨਾਲ ਕੀਤੀ ਕਥਿਤ 500 ਕਰੋੜ ਰੁਪਏ ਦੀ ਬਹੁ-ਕਰੋੜੀ ਠੱਗੀ ਦੇ ਮਾਮਲੇ ’ਚ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਭਾਰਤ ਨੇ ਪੂਰਨ ਸਮਰਥਨ ਦਾ ਐਲਾਨ ਕੀਤਾ ਹੈ। ਅੰਮ੍ਰਿਤਸਰ ਦੇ ਗੋਲਡਨ ਗੇਟ ਨੇੜੇ ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਦੀ ਅਗਵਾਈ ਹੇਠ ਪਿਛਲੇ 4 ਦਿਨਾਂ ਤੋਂ ਚੱਲ ਰਹੇ ਮੋਰਚੇ ਨੂੰ ਹੁਣ ਰਾਸ਼ਟਰੀ ਪੱਧਰ ‘ਤੇ ਵੱਡਾ ਬਲ ਮਿਲ ਗਿਆ ਹੈ । ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਦੇ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਠੱਗੀ ਦਾ ਸ਼ਿਕਾਰ ਸਾਬਕਾ ਸੈਨਿਕ, ਸਾਬਕਾ ਪੁਲਿਸ ਮੁਲਾਜ਼ਮ ਅਤੇ ਪੰਜਾਬ ਸਮੇਤ ਦੂਜੇ ਸੂਬਿਆਂ ਦੇ ਆਮ ਲੋਕ ਹੋਏ ਹਨ । ਕਿਸਾਨ ਮੋਰਚੇ ਦੇ ਆਗੂਆਂ ਦੀ ਮੰਗ ਹੈ ਕਿ ਪੰਜਾਬ ਦੇ ਹਰੇਕ ਜ਼ਿਲ੍ਹੇ ‘ਚ ਪੀੜਤਾਂ ਦੀਆਂ ਸ਼ਿਕਾਇਤਾਂ ‘ਤੇ ਤੁਰੰਤ ਮਾਮਲੇ ਦਰਜ ਕੀਤੇ ਜਾਣ । ਕੰਪਨੀ ਦੇ ਐੱਮ. ਡੀ. ਅਤੇ ਉਸ ਦੀ ਕੰਪਨੀ ਦੀਆਂ ਸਾਰੀਆਂ ਸੰਪਤੀਆਂ ਜਬਤ ਕਰਕੇ ਲੋਕਾਂ ਦਾ ਪੈਸਾ ਮੋੜਿਆ ਜਾਵੇ । ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ 13 ਅਗਸਤ ਤੋਂ ਪਹਿਲਾਂ ਸਰਕਾਰ ਨੇ ਠੋਸ ਕਾਰਵਾਈ ਨਾ ਕੀਤੀ, ਤਾਂ ਨਿਊ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਵੱਡੀ ਗਿਣਤੀ ‘ਚ ਕਿਸਾਨ ਇਕੱਠੇ ਹੋ ਕੇ ‘ਪੱਕਾ ਮੋਰਚਾ’ ਲਗਾਉਣਗੇ ।