ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ 12 ਲੱਖ ਦੀ ਵਜ਼ੀਫ਼ਾ ਰਾਸ਼ੀ ਪ੍ਰਦਾਨ
ਅੰਮ੍ਰਿਤਸਰ, 12 ਅਗਸਤ (ਜੱਸ)- ਖ਼ਾਲਸਾ ਕਾਲਜ ਵਿਖੇ ਸਿੱਖ ਹਿਊਮਨ ਡਿਵੈੱਲਪਮੈਂਟ ਫਾਊਂਡੇਸ਼ਨ ਵਸ਼ਿੰਗਟਨ ਡੀ. ਸੀ.
ਅੰਮ੍ਰਿਤਸਰ, 12 ਅਗਸਤ (ਜੱਸ)- ਖ਼ਾਲਸਾ ਕਾਲਜ ਵਿਖੇ ਸਿੱਖ ਹਿਊਮਨ ਡਿਵੈੱਲਪਮੈਂਟ ਫਾਊਂਡੇਸ਼ਨ ਵਸ਼ਿੰਗਟਨ ਡੀ. ਸੀ. ਵਲੋਂ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਅਤੇ ਸਿੱਖ ਐਜੂਕੇਸ਼ਨ ਸੁਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ’ਚ 37 ਵਿਦਿਆਰਥੀਆਂ ਨੂੰ 12 ਲੱਖ ਦੀ ਵਜ਼ੀਫ਼ਾ ਰਾਸ਼ੀ ਪ੍ਰਦਾਨ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਉਕਤ ਫਾਊਂਡੇਸ਼ਨ ਦੇ ਉੱਪ ਪ੍ਰਧਾਨ ਅਤੇ ਐਗਜ਼ੈਕਟਿਵ ਡਾਇਰੈਕਟਰ (ਭਾਰਤ) ਗੁਰਬੀਰ ਸਿੰਘ ਬਰਾੜ ਨੇ ਆਪਣੇ ਪਰਿਵਾਰ ਸਮੇਤ ਸਮਾਗਮ ’ਚ ਸ਼ਿਰਕਤ ਕਰਦਿਆਂ 37 ਵਿਦਿਆਰਥੀਆਂ ਨੂੰ 12 ਲੱਖ ਰਾਸ਼ੀ ਦੇ ਵਜੀਫੇ ਚੈੱਕ ਤਕਸੀਮ ਕੀਤੇ। ਉਨ੍ਹਾਂ ਨੇ ਵਜ਼ੀਫਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕਿਹਾ ਕਿ ਹੁਣ ਤੁਹਾਡੇ ਉੱਪਰ ਇਹ ਜਿੰਮੇਵਾਰੀ ਆ ਗਈ ਹੈ ਕਿ ਤੁਸੀਂ ਮਿਹਨਤ ਕਰਕੇ ਕਿਸੇ ਮੁਕਾਮ ਤੇ ਪਹੁੰਚੋ ਅਤੇ ਸਮਾਜ ਦੀ ਸੇਵਾ ’ਚ ਯੋਗਦਾਨ ਪਾਓ। ਸ: ਬਰਾੜ ਨੇ ਕਿਹਾ ਕਿ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਵਸ਼ਿੰਗਟਨ ਡੀ ਸੀ. ਕਰੀਬ 25 ਸਾਲਾਂ ਤੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਾਰਜਸ਼ੀਲ ਹੈ ਅਤੇ ਹੁਣ ਤੱਕ 15 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਦੀ ਉਚੇਰੀ ਪੜ੍ਹਾਈ ਲਈ ਸਹਾਇਤਾ ਕਰ ਚੁੱਕੇ ਹਨ। ਵਜੀਫਾ ਵੰਡ ਸਮਾਗਮ ਦੀ ਕਾਰਵਾਈ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ ਦੁਆਰਾ ਚਲਾਈ ਗਈ, ਜਦਕਿ ਕਾਲਜ ਰਜਿਸਟਰਾਰ ਡਾ. ਦਵਿੰਦਰ ਸਿੰਘ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ’ਚ ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ ਹਾਜ਼ਰ ਸਨ।