ਨਗਰ ਨਿਗਮ ਵਲੋਂ ਵੱਖ-ਵੱਖ ਇਲਾਕਿਆਂ ’ਚ ਨਾਜਾਇਜ਼ ਕਬਜ਼ਿਆਂ ’ਤੇ ਕਾਰਵਾਈ
ਅੰਮ੍ਰਿਤਸਰ, 17 ਸਤੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਤੇ ਵਧੀਕ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੀਆਂ ਹਦਾਇਤਾਂ ’ਤੇ ਅਸਟੇਟ ਵਿਭਾਗ ਵਲੋਂ ਅਣ-ਅਧਿਕਾਰਤ ਕਬਜ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਹੁਕਮ ਸਿੰਘ ਰੋਡ, ਕੋਟ ਬਾਬਾ ਦੀਪ ਸਿੰਘ ਇਲਾਕੇ ਤੇ ਹੋਟਲ ਐੱਚ.
ਅੰਮ੍ਰਿਤਸਰ, 17 ਸਤੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਤੇ ਵਧੀਕ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੀਆਂ ਹਦਾਇਤਾਂ ’ਤੇ ਅਸਟੇਟ ਵਿਭਾਗ ਵਲੋਂ ਅਣ-ਅਧਿਕਾਰਤ ਕਬਜ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਹੁਕਮ ਸਿੰਘ ਰੋਡ, ਕੋਟ ਬਾਬਾ ਦੀਪ ਸਿੰਘ ਇਲਾਕੇ ਤੇ ਹੋਟਲ ਐੱਚ. ਕੇ. 52 ਦੇ ਬਾਹਰ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ ਗਈ। ਜਿਸ ਦੌਰਾਨ ਜਨਤਕ ਸੜਕਾਂ ਤੇ ਫੁੱਟਪਾਥਾਂ ’ਤੇ ਲਗਾਈਆਂ ਗਈਆਂ ਨਾਜਾਇਜ਼ ਰੇਹੜੀਆਂ, ਫੁੱਲਾਂ ਦੇ ਸਟਾਲ ਅਤੇ ਹੋਰ ਅਸਥਾਈ ਕਬਜ਼ੇ ਹਟਾਏ ਗਏ। ਇਸ ਕਾਰਵਾਈ ਨਾਲ ਇਨ੍ਹਾਂ ਇਲਾਕਿਆਂ ਵਿਚ ਆਮ ਲੋਕਾਂ, ਪੈਦਲ ਯਾਤਰੀਆਂ ਤੇ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਦਾ ਯਤਨ ਕੀਤਾ। ਸਕੱਤਰ-ਕਮ-ਅਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਤੇ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਦੀ ਦੇਖ-ਰੇਖ ਹੇਠ ਚਲਾਈ ਗਈ ਮੁਹਿੰਮ ਦੀ ਅਗਵਾਈ ਇੰਸ: ਪ੍ਰੀਤੀ ਚੌਹਾਨ ਤੇ ਇੰਸ: ਅਮਨ ਕੁਮਾਰ ਵਲੋਂ ਕੀਤੀ ਗਈ। ਇਸ ਸੰਬੰਧੀ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਕਮਿਸ਼ਨਰ ਡਾ: ਜੈ ਇੰਦਰ ਸਿੰਘ ਨੇ ਕਿਹਾ ਕਿ ਸੜਕਾਂ, ਫੁੱਟਪਾਥਾਂ ਤੇ ਹੋਰ ਨਾਗਰਿਕ ਸਹੂਲਤਾਂ ਵਾਲੀਆਂ ਥਾਵਾਂ ’ਤੇ ਅਜਿਹੀਆਂ ਅਣ-ਅਧਿਕਾਰਤ ਵਪਾਰਕ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜਿਨ੍ਹਾਂ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੋਵੇ ਜਾਂ ਆਵਾਜਾਈ ਪ੍ਰਭਾਵਿਤ ਹੋਵੇ। ਉਨ੍ਹਾਂ ਕਬਜ਼ਾਧਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਕਿ ਹਟਾਏ ਗਏ ਸਥਾਨਾਂ ’ਤੇ ਮੁੜ ਕਬਜ਼ਾ ਨਾ ਕੀਤਾ ਜਾਵੇ। ਜੇਕਰ ਕੋਈ ਵਿਅਕਤੀ ਮੁੜ ਕਬਜ਼ਾ ਕਰਦਾ ਹੈ ਜਾਂ ਨਿਗਮ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਲਾਗੂ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸੰਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਹਟਾਏ ਗਏ ਕਬਜ਼ਿਆਂ ਵਾਲੇ ਸਥਾਨਾਂ ਦੀ ਨਿਯਮਤ ਨਿਗਰਾਨੀ ਯਕੀਨੀ ਬਣਾਈ ਜਾਵੇ ਅਤੇ ਮੁੜ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਲੋੜੀਂਦੀ ਕਾਰਵਾਈ ਕੀਤੀ ਜਾਵੇ। ਨਗਰ ਨਿਗਮ ਅਧਿਕਾਰੀਆਂ ਨੇ ਦੁਕਾਨਦਾਰਾਂ, ਰੇਹੜੀ ਚਾਲਕਾਂ, ਫੁੱਲ ਵਿਕਰੇਤਾਵਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਦਾ ਸਹਿਯੋਗ ਕਰਨ ਅਤੇ ਸੜਕਾਂ, ਫੁੱਟਪਾਥਾਂ ਤੇ ਹੋਰ ਜਨਤਕ ਥਾਵਾਂ ‘ਤੇ ਨਾਜਾਇਜ਼ ਕਬਜ਼ੇ ਕਰਨ ਤੋਂ ਗੁਰੇਜ਼ ਕਰਨ। ਸ਼ਹਿਰ ਵਿਚ ਜਨਤਕ ਥਾਵਾਂ ਨੂੰ ਕਬਜ਼ਾ ਮੁਕਤ ਰੱਖਣਾ, ਆਵਾਜਾਈ ਨੂੰ ਸੁਚਾਰੂ ਬਣਾਉਣਾ ਅਤੇ ਨਾਗਰਿਕਾਂ ਨੂੰ ਸੁਰੱਖਿਅਤ ਤੇ ਸੁਖਾਵਾਂ ਆਵਾਜਾਈ ਮਾਹੌਲ ਮੁਹੱਈਆ ਕਰਵਾਉਣਾ ਨਗਰ ਨਿਗਮ ਦੀਆਂ ਮੁੱਖ ਤਰਜੀਹਾਂ ਵਿਚ ਸ਼ਾਮਿਲ ਹੈ।