ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਖੇਪ ਬਰਾਮਦ
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)-ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰ ਤਸਕਰੀ ਕਰਨ ਵਾਲੇ ਨੈੱਟਵਰਕਾਂ ਨਾਲ ਜੁੜੇ ਪੰਜ ਮੁਲਜ਼ਮਾਂ ਨੂੰ 13 ਵਿਦੇਸ਼ੀ ਪਿਸਤੌਲਾਂ ਅਤੇ 3. 2 ਕਿਲੋ ਹੈਰੋਇਨ ਸਮੇਤ ਕਾਬੂ ਕਰਨ ’ਚ ਅੰਮ੍ਰਿਤਸਰ ਪੁਲਿਸ ਨੇ ਸਫਲਤਾ ਹਾਸਿਲ ਕੀਤੀ ਹੈ।
1
13 ਵਿਦੇਸ਼ੀ ਪਿਸਤੌਲ ਤੇ 3.2 ਕਿਲੋਗ੍ਰਾਮ ਹੈਰੋਇਨ ਤੇ ਲਗਜ਼ਰੀ ਕਾਰ ਬਰਾਮਦ
01-10-2026
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)-ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰ ਤਸਕਰੀ ਕਰਨ ਵਾਲੇ ਨੈੱਟਵਰਕਾਂ ਨਾਲ ਜੁੜੇ ਪੰਜ ਮੁਲਜ਼ਮਾਂ ਨੂੰ 13 ਵਿਦੇਸ਼ੀ ਪਿਸਤੌਲਾਂ ਅਤੇ 3.2 ਕਿਲੋ ਹੈਰੋਇਨ ਸਮੇਤ ਕਾਬੂ ਕਰਨ ’ਚ ਅੰਮ੍ਰਿਤਸਰ ਪੁਲਿਸ ਨੇ ਸਫਲਤਾ ਹਾਸਿਲ ਕੀਤੀ ਹੈ। ਗੈਂਗਸਟਰ ਕੇਸ਼ਵ ਸ਼ਿਵਾਲਾ ਤੇ ਜਾਰਡਨ ਗੈਂਗ ਨਾਲ ਸੰਬੰਧਿਤ ਇਨ੍ਹਾਂ ਮੁਲਜ਼ਮਾਂ ਦੀ ਲਗਜ਼ਰੀ ਕਾਰ ਬੀ.ਐੱਮ. ਡਬਲਿਊ ਵੀ ਬਰਾਮਦ ਕਰ ਲਈ ਗਈ ਹੈ। ਇਹ ਖੁਲਾਸਾ ਅੱਜ ਇਥੇ ਪੁਲਿਸ ਲਾਈਨ ਵਿਖੇ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਗ੍ਰਿਫਤਾਰ ਨੌਜਵਾਨਾਂ ਦੀ ਪਛਾਣ ਕ੍ਰਿਸ਼ ਗੋਲਡ (20) ਵਾਸੀ ਲੋਹਗੜ੍ਹ, ਕੁਨਾਲ ਮਹਿਤਾ ਉਰਫ਼ ਕੰਨੂ (21) ਵਾਸੀ ਕਟੜਾ ਦੂਲੋ, ਰੌਬਿਨ (21) ਵਾਸੀ ਹਿੰਦੁਸਤਾਨ ਬਸਤੀ, ਜਸਕਰਨ ਸਿੰਘ ਉਰਫ਼ ਜੱਸ (36) ਵਾਸੀ ਭੂਤਨਪੁਰਾ ਸਾਰੇ ਵਾਸੀ ਅੰਮ੍ਰਿਤਸਰ ਤੇ ਜੋਬਨਪ੍ਰੀਤ ਸਿੰਘ ਉਰਫ਼ ਜੋਬਨ (22) ਵਾਸੀ ਪਿੰਡ ਨੌਸ਼ਹਿਰਾ ਢਾਲਾ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਵਿਦੇਸ਼ੀ ਪਿਸਤੌਲਾਂ ’ਚ ਅੱਠ .30 ਬੋਰ ਪੀ.ਐਕਸ.-3, ਤਿੰਨ .30 ਬੋਰ, ਇਕ 9 ਐੱਮ.ਐੱਮ. ਗਲਾਕ ਅਤੇ ਇਕ 9 ਐੱਮ.ਐੱਮ. ਪਿਸਤੌਲ ਸਮੇਤ 22 ਜਿੰਦਾ ਕਾਰਤੂਸ ਸ਼ਾਮਿਲ ਹਨ। ਇਨ੍ਹਾਂ ’ਚੋਂ ਰੋਬਿਨ ਜ਼ਿਲ੍ਹਾ ਕਚਿਹਰੀਆਂ ’ਚ ਵਕੀਲ ਦੇ ਮੁਨਸ਼ੀ ਵਜੋਂ ਕੰਮ ਕਰਦਾ ਹੈ ਜਦੋਂ ਕਿ ਕੁਨਾਲ ਫਾਸਟਵੇਅ ਕੇਬਲ ’ਚ ਤਕਨੀਸ਼ੀਅਨ ਹੈ। ਜਸਕਰਨ ਸਿੰਘ ਖਿਲਾਫ਼ ਪਹਿਲਾਂ ਹੀ 5 ਮਾਮਲੇ ਦਰਜ ਹਨ ਜਦੋਂ ਕਿ ਵਕੀਲ ਦਾ ਮੁਨਸ਼ੀ ਗੈਂਗਸਟਰਾਂ ਦੀਆਂ ਜਮਾਨਤਾਂ ਤੇ ਹੋਰ ਕਾਨੂੰਨੀ ਕੰਮ ਕਰਵਾਉਣ ਲਈ ਸ਼ਾਮਿਲ ਸੀ। ਇਨ੍ਹਾਂ ਨੇ ਇਹ ਖੇਪ ਤੇ ਹਥਿਆਰ ਅੱਗੇ ਤਿੰਨ ਹੋਰ ਬੰਦਿਆਂ ਨੂੰ ਸੌਂਪਣੇ ਸੀ ਜਿਨ੍ਹਾਂ ਬਾਰੇ ਪਤਾ ਲਗਾ ਲਿਆ ਗਿਆ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਸੰਬੰਧੀ ਤਿੰਨ ਮਾਮਲੇ ਥਾਣਾ ਛੇਹਰਟਾ ਅਤੇ ਹੋਰ ਥਾਣਿਆਂ ’ਚ ਦਰਜ ਕੀਤੇ ਗਏ ਹਨ। ਇਸ ਮੌਕੇ ਡੀ.ਸੀ.ਪੀ. (ਸ਼ਹਿਰੀ) ਜਸਕਿਰਨ ਜੀਤ ਸਿੰਘ ਤੇਜਾ, ਡੀ.ਸੀ.ਪੀ. (ਡੀ) ਪ੍ਰਭਜੋਤ ਸਿੰਘ ਵਿਰਕ, ਏ.ਸੀ.ਪੀ. ਕਪਿਲ ਕੌਸ਼ਿਲ, ਏ.ਸੀ.ਪੀ. ਇੰਦਰਜੀਤ ਸਿੰਘ ਤੇ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸ; ਅਮੋਲਕਦੀਪ ਸਿੰਘ ਤੇ ਸਬ ਇੰਸ: ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।