ਅੰਮ੍ਰਿਤਸਰ, 22 ਜੂਨ (ਰੇਸ਼ਮ ਸਿੰਘ)- ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵਿਦੇਸ਼ੀ ਹੈਂਡਲਰਾਂ ਦੁਆਰਾ ਜਬਰੀ ਵਸੂਲੀ, ਫਿਰੌਤੀਆਂ ਤੇ ਡਕੈਤੀਆਂ ਲਈ ਵਰਤੇ ਜਾ ਰਹੇ ਤਿੰਨ ਸ਼ੂਟਰਾਂ ਨੂੰ ਅੰਮ੍ਰਿਤਸਰ ‘ਚ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਪਾਸੋਂ ਪੁਲਿਸ ਨੇ ਵਿਦੇਸ਼ੀ ਜ਼ਿਗਾਨਾ ਅਤਿ ਆਧੁਨਿਕ ਪਿਸਤੌਲ (ਸੋਨੇ ਦੀ ਪਰਤ) ਸਮੇਤ 8 ਜਿੰਦਾ ਕਾਰਤੂਸਾਂ, ਇਕ ਥਾਰ ਗੱਡੀ, ਮੋਟਰਸਾਈਕਲ ਤੇ ਮੋਬਾਈਲ ਫੋਨ ਆਦਿ ਬਰਾਮਦ ਕਰ ਲਏ ਗਏ ਹਨ। ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਅੰਮ੍ਰਿਤਸਰ ਦਿਹਾਤੀ, ਤਰਨ ਤਾਰਨ, ਫ਼ਿਰੋਜਪੁਰ ਤੇ ਹੋਰ ਥਾਵਾਂ ‘ਤੇ ਫਿਰੌਤੀ ਲਈ ਗੋਲੀਆਂ ਚਲਾਉਣ ਦੀਆਂ 7 ਵਾਰਦਾਤਾਂ ਹੱਲ ਹੋ ਗਈਆਂ ਹਨ। ਇਹ ਪ੍ਰਗਟਾਵਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਸ਼ਨਾਖਤ ਗੁਰਦੇਵ ਸਿੰਘ ਉਰਫ਼ ਗੁਰਦੇਵ (25) ਵਾਸੀ ਪਿੰਡ ਖਾਸੀ ਬਾਬਾ ਬਕਾਲਾ ਸਾਹਿਬ, ਜਸ਼ਨਪ੍ਰੀਤ ਸਿੰਘ ਉਰਫ਼ ਜਾਸੂ (21) ਵਾਸੀ ਪਿੰਡ ਕਾਲਾ ਜ਼ਿਲ੍ਹਾ ਤਰਨਤਾਰਨ ਤੇ ਹਰਪਰਸੰਦੀਪ ਸਿੰਘ ਉਰਫ ਪਾਰਸ (18) ਵਾਸੀ ਕਟੜਾ ਕਰਮ ਸਿੰਘ ਅੰਮ੍ਰਿਤਸਰ ਵਜੋਂ ਹੋਈ ਹੈ। ਸੀ. ਪੀ. ਸ: ਭੁੱਲਰ ਨੇ ਦੱਸਿਆ ਕਿ ਇੱਥੇ ਲੋਹਾਰਕਾ ਰੋਡ ਵਿਖੇ ਇਕ ਪੈਟਰੋਲ ਪੰਪ ‘ਤੇ ਲੁੱਟ ਖੋਹ ਦੀ ਘਟਨਾ ਬੀਤੇ 21 ਮਈ ਦੀ ਅਧੀ ਰਾਤ ਨੂੰ ਵਾਪਰੀ ਸੀ ਜਦੋਂ ਕਿ ਤਿੰਨ ਲੁਟੇਰਿਆਂ ਨੇ ਪੰਪ ‘ਤੇ ਗੋਲੀਬਾਰੀ ਕਰਕੇ 25 ਹਜ਼ਾਰ ਲੁੱਟ ਲਏ ਸਨ। ਇਸ ਉਪਰੰਤ ਪੁਲਿਸ ਨੇ ਘਟਨਾ ‘ਚ ਲੋੜੀਂਦੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਛਗਿੱਤ ਤੇ ਜਾਂਚ ਤੋਂ ਪਤਾ ਲੱਗਾ ਕਿ ਮੁਲਜ਼ਮਾਂ ਨੇ ਆਪਣੇ ਫਰਾਰ ਸਾਥੀ ਮਹੀਪ ਸਿੰਘ ਦੇ ਨਾਲ ਮਿਲ ਕੇ ਯੂਰਪ-ਅਧਾਰਤ ਹੈਂਡਲਰ ਜੱਜਬੀਰ ਸਿੰਘ ਉਰਫ਼ ਕਰਨ ਦੇ ਨਿਰਦੇਸ਼ਾਂ ‘ਤੇ ਇਹ ਅਪਰਾਧ ਕੀਤਾ ਜੋ ਗੈਂਗਸਟਰ ਡੋਨੀ ਬਲ ਅਤੇ ਪ੍ਰਭ ਦਾਸੂਵਾਲ ਨਾਲ ਮਿਲ ਕੇ ਕੰਮ ਕਰਦਾ ਹੈ। ਮੁਹੱਬਤ ਰੰਧਾਵਾ ਅਤੇ ਆਦੇਸ਼ ਜਮਾਰਾਏ ਕਥਿਤ ਤੌਰ ‘ਤੇ ਗੈਂਗਸਟਰਾਂ ਵਲੋਂ ਫ਼ਿਰੌਤੀ ਦੀਆਂ ਕਾਲਾਂ ਕਰ ਰਹੇ ਸਨ ਜਦੋਂ ਕਿ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਨਿਸ਼ਾਨਾ ਸਥਾਨ ਸਾਂਝੇ ਕੀਤੇ ਗਏ ਸਨ। ਇਹ ਤਰਨਤਾਰਨ, ਅੰਮ੍ਰਿਤਸਰ ਦਿਹਾਤੀ ਅਤੇ ਫਿਰੋਜ਼ਪੁਰ ਸੈਕਟਰਾਂ ਵਿਚ ਕੰਮ ਕਰਦੇ ਹੋਏ ਵਿਦੇਸ਼ੀ ਹੈਂਡਲਰ ਦੇ ਇਸ਼ਾਰੇ ‘ਤੇ ਨਿਸ਼ਾਨਾ ਬਣਾ ਕੇ ਹਮਲੇ, ਫਿਰੌਤੀ ਨਾਲ ਸੰਬੰਧਿਤ ਅਪਰਾਧ ਅਤੇ ਹਥਿਆਰਬੰਦ ਡਕੈਤੀਆਂ ਕਰ ਰਹੇ ਸਨ। ਉਹ ਮੋਗਾ ਤੋਂ ਹਥਿਆਰ ਪ੍ਰਾਪਤ ਕਰ ਰਹੇ ਸਨ। ਇਨ੍ਹਾਂ ਵਲੋਂ 4 ਮਈ ਨੂੰ ਗੋਇੰਦਵਾਲ ਸਾਹਿਬ ਨੇੜੇ ਇਕ ਘਰ ‘ਤੇ ਗੋਲੀਆਂ ਚਲਾਈਆਂ, 22 ਮਈ ਨੂੰ ਸੀ ਡਵੀਜਨ ਖੇਤਰ ‘ਚ ਇਕ ਪੈਟਰੋਲ ਪੰਪ ਤੋਂ 6-7 ਹਜ਼ਾਰ ਲੁਟਿਆ, ਕੁਝ ਦਿਨਾਂ ਬਾਅਦ ਰਈਆ ਖੇਤਰ ‘ਚ ਇਕ ਦੁਕਾਨ ‘ਤੇ 6 ਗੋਲੀਆਂ ਚਲਾਈਆਂ, ਸਰਹਾਲੀ ਰੋਡ ‘ਤੇ ਪੈਟਰੋਲ ਪੰਪ ‘ਤੇ ਗੋਲੀਆਂ ਚਲਾਈਆਂ ਤੇ 8 ਹਜ਼ਾਰ ਲੁਟਿਆ, ਫਿਰੋਜ਼ਪੁਰ ਦੇ ਪਿੰਡ ਕਾਮਲ ਗੜ੍ਹ ‘ਚ ਰਿਹਾਇਸ਼ੀ ਘਰ ‘ਤੇ 5 ਗੋਲੀਆਂ ਚਲਾਈਆਂ ਸ਼ਾਮਿਲ ਹਨ। ਜਾਂਚ ‘ਚ ਪਤਾ ਲੱਗਾ ਕਿ ਜਸ਼ਨਪ੍ਰੀਤ ਸਿੰਘ ਉਰਫ ਜੱਸੂ ਵਿਦੇਸ਼ੀ-ਅਧਾਰਤ ਮੁਲਜ਼ਮ ਜੱਜਬੀਰ ਸਿੰਘ ਉਰਫ ਕਰਨ ਦਾ ਨਜ਼ਦੀਕੀ ਰਿਸ਼ਤੇਦਾਰ (ਮਾਮਾ-ਭਣਜਾ) ਹੈ, ਜੋ ਇਸ ਸਮੇਂ ਯੂਰਪ ਵਿਚ ਰਹਿ ਰਿਹਾ ਹੈ। ਇਸ ਨਜ਼ਦੀਕੀ ਸੰਬੰਧ ਦੇ ਕਾਰਨ, ਜਸ਼ਨਪ੍ਰੀਤ ਸਿੰਘ ਸਿੱਧੇ ਤੌਰ ‘ਤੇ ਜੱਜਬੀਰ ਸਿੰਘ ਉਰਫ ਕਰਨ ਨਾਲ ਤਾਲਮੇਲ ਕਰ ਰਿਹਾ ਸੀ। ਇਸ ਮੌਕੇ ਡੀ.ਸੀ.ਪੀ. ਰਵਿੰਦਰਪਾਲ ਸਿੰਘ, ਏ.ਡੀ.ਸੀ.ਪੀ-2 ਸ੍ਰੀਵੇਨੇਲਾ, ਏ.ਸੀ.ਪੀ. ਕਮਲਜੀਤ ਸਿੰਘ ਤੇ ਇੰਸ: ਜਤਿੰਦਰ ਸਿੰਘ ਆਦਿ ਹਾਜ਼ਰ ਸਨ।
ਫ਼ਿਰੌਤੀ ਤੇ ਡਕੈਤੀ ਗਰੋਹ ਦੇ ਵਿਦੇਸ਼ੀ ਹੈਂਡਲਰਾਂ ਦੇ 3 ਸ਼ੂਟਰ ਅੰਮ੍ਰਿਤਸਰ ’ਚ ਗ੍ਰਿਫ਼ਤਾਰ
ਅਜੀਤ ਡੈਸਕ
23-06-2026