ਤਰਨ ਤਰਨ, 4 ਜਨਵਰੀ (ਹਰਿੰਦਰ ਸਿੰਘ)-ਲਾਪਤਾ ਸਰੂਪ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਕੋਹਲੀ ਦੀ ਗਿ੍ਫ਼ਤਾਰੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਵੱਧ ਰਹੀ ਸਰਗਰਮੀ ਤੋਂ ਤੁਰੰਤ ਬਾਅਦ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੇ ਸਲਾਹ ਮਸ਼ਵਰੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਸਰਪ੍ਰਸਤ ਬਾਪੂ ਤਰਸੇਮ ਸਿੰਘ ਵਲੋਂ ਭਾਈ ਦਲਜੀਤ ਸਿੰਘ ਜਵੰਦਾ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਮੁੱਖ ਬੁਲਾਰਾ ਨਿਯੁਕਤ ਕਰ ਦਿੱਤਾ ਹੈ | ਦੱਸਣਯੋਗ ਹੈ ਕਿ ਤਰਨ ਤਰਨ ਹਲਕੇ ਦੀ ਪਿੱਛੇ ਜਿਹੇ ਹੋਈ ਜ਼ਿਮਨੀ ਚੋਣ ਵਿਚ ਭਾਈ ਦਲਜੀਤ ਸਿੰਘ ਜਵੰਦਾ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਚੋਣ ਮੈਦਾਨ ਵਿਚ ਉਤਾਰੇ ਭਾਈ ਮਨਦੀਪ ਸਿੰਘ ਖਾਲਸਾ ਦੀ ਜਿੱਤ ਲਈ ਹਲਕੇ ਵਿਚ ਕੀਤੇ ਗਏ ਕਾਰਜ ਦੀ ਹਾਈਕਮਾਨ ਵਲੋਂ ਸ਼ਲਾਘਾ ਕੀਤੀ ਗਈ ਸੀ ਅਤੇ ਭਾਈ ਜਵੰਦਾ ਨੂੰ ਪਾਰਟੀ ਵਿਚ ਸਨਮਾਨਯੋਗ ਅਹੁਦਾ ਦੇਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ | ਭਾਈ ਦਲਜੀਤ ਸਿੰਘ ਜਵੰਦਾ ਨੇ ਇਸ ਸੰਬੰਧ ਵਿਚ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਸੌਂਪੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਇਕ ਕਰਨਗੇ |