ਤਰਨ ਤਾਰਨ, 6 ਜਨਵਰੀ (ਹਰਿੰਦਰ ਸਿੰਘ)- ਗੌਰਮਿੰਟ ਟੀਚਰਜ਼ ਯੂਨੀਅਨ ਇਕਾਈ ਤਰਨ ਤਾਰਨ ਵਲੋਂ ਗਾਂਧੀ ਪਾਰਕ ਵਿਖੇ ਨਵੇਂ ਸਾਲ 2026 ਦਾ ਕੈਲੰਡਰ ਜਾਰੀ ਕੀਤਾ ਗਿਅਆ | ਇਸ ਸਮੇਂ ਜਥੇਬੰਦਕ ਸਕੱਤਰ ਅੰਮਿ੍ਤਪਾਲ ਸਿੰਘ ਬਾਕੀਪੁਰ ਅਤੇ ਜਨਰਲ ਸਕੱਤਰ ਨਰਿੰਦਰ ਨੂਰ ਨੇ ਦੱਸਿਆ ਕਿ ਸਰਕਾਰਾਂ ਸਿੱਖਿਆ ਦਾ ਨਿਜੀਕਰਨ ਤੇ ਵਪਾਰੀਕਰਨ ਕਰਕੇ ਗਰੀਬ ਲੋਕਾਂ ਤੋਂ ਸਿੱਖਿਆ ਦਾ ਹੱਕ ਖੋਹ ਕੇ ਧਨਾਡਾਂ ਦੇ ਹਵਾਲੇ ਕਰ ਰਹੀਆਂ ਹਨ | ਲੱਖਾਂ ਬੱਚੇ ਅਜੇ ਵੀ ਸਿੱਖਿਆ ਤੋਂ ਵਾਂਝੇ ਹਨ | ਸਕੂਲਾਂ ਵਿੱਚ ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ ਅਤੇ ਜਿਥੇ ਕਿਤੇ ਅਧਿਆਪਕ ਹਨ ਉਨ੍ਹਾਂ ਤੋਂ ਸਰਕਾਰਾਂ ਨੇ ਸਿੱਖਿਆ ਲੈਣ ਦੀ ਬਜਾਏ ਗੈਰ-ਵਿਦਿਅਕ ਕੰਮਾਂ ਵਿਚ ਉਲਝਾਇਆਂ ਹੋਇਆ ਹੈ | ਅਧਿਆਪਕ ਆਗੂਆਂ ਨੇ ਕਿਹਾ ਕਿ 2025 ਦਾ ਸਾਲ ਅਜਿਹਾ ਸਾਲ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਇਕ ਵੀ ਡੀ.ਏ.ਦੀ ਕਿਸ਼ਤ ਜਾਰੀ ਨਹੀਂ ਕੀਤੀ | ਪੇਂਡੂ ਤੇ ਬਾਰਡਰ ਭੱਤਾ ਬੰਦ ਕੀਤਾ ਹੋਇਆ ਹੈ | ਸਾਲ 2022 ਵਿਚ ਇਸ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਝੂਠਾ ਨੋਟੀਫਿਕੇਸ਼ਨ ਜਾਰੀ ਕਰਕੇ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ | ਇਹ ਅਜਿਹੀ ਸਰਕਾਰ ਹੈ ਜੋ ਕੋਰਟ ਦੇ ਫੈਸਲਿਅਆਂ ਨੂੰ ਵੀ ਲਾਗੂ ਨਹੀਂ ਕਰ ਰਹੀ | ਲਗਾਤਾਰ ਸਰਵਿਸ ਨਿਯਮਾਂ ਵਿਚ ਸੋਧਾਂ ਕਰਕੇ ਲੰਬੇ ਸੰਘਰਸ਼ਾ ਤੋੋਂ ਬਾਅਦ ਮਿਲੇ ਸਕੇਲਾਂ ਨੂੰ ਇਕ-ਇਕ ਕਰਕੇ ਖੋਰਾ ਲਾ ਰਹੀ ਹੈ | ਐਮੀਨੈਂਸ ਸਕੂਲਾਂ ਦੇ ਨਾਂ ਤੇ ਸਰਕਾਰ ਨੇ ਵੰਡੀਆਂ ਪਾ ਦਿੱਤੀਆਂ ਹਨ ਜੋ ਬਾਕੀ ਵਿਦਿਆਰਥੀਆਂ ਨਾਲ ਧੋਖਾ ਹੈ | ਜਥੇਬੰਦੀ ਮੰਗ ਕਰਦੀ ਹੈ ਕਿ ਸਾਰੇ ਵਿਦਿਆਰਥੀਆਂ ਨੂੰ ਮਿਆਰੀ ਅਤੇ ਇਕਸਾਰ ਵਿੱਦਿਆ ਦਿੱਤੀ ਜਾਵੇ | ਅਧਿਆਪਕਾਂ ਦੀਆਂ ਠੇਕਾ ਅਧਾਰਿਤ ਭਰਤੀਆਂ ਬੰਦ ਕਰਕੇ ਪੂਰੀਆਂ ਤਨਖਾਹਾਂ ਤੇ ਰੈਗੂਲਰ ਭਰਤੀਆਂ ਕੀਤੀਆਂ ਜਾਣ | ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਸ਼ਾਮਿਲ ਕੀਤਾ ਜਾਵੇ | ਇਸ ਸਮੇਂ ਰਵੀ ਕੁਮਾਰ, ਕੰਵਲਜੀਤ ਝਾਮਕਾ, ਪਰਮਜੀਤ ਸਿੰਘ ਨਾਗੋਕੇ, ਕੁਲਬੀਰ ਕੌਰ ਨਾਗੋਕੇ ਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਸਨ |