ਚੋਹਲਾ ਸਾਹਿਬ/ਫਤਿਆਬਾਦ, 23 ਜਨਵਰੀ (ਬਲਵਿੰਦਰ ਸਿੰਘ, ਹਰਵਿੰਦਰ ਸਿੰਘ ਧੂੰਦਾ)-ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਸੂਬੇ ਦੀ ਸੱਤਾ 'ਤੇ ਕਾਬਜ਼ ਹੋਈ ਹੈ, ਉਦੋਂ ਤੋਂ ਹੀ ਇਹ ਸਰਕਾਰ ਕਿਸਾਨ, ਮਜ਼ਦੂਰ, ਵਪਾਰੀ ਅਤੇ ਮੁਲਾਜ਼ਮ ਸਮੇਤ ਹਰ ਵਰਗ ਨਾਲ ਧੱਕਾ ਕਰ ਰਹੀ ਹੈ | ਕੋਈ ਅਜਿਹਾ ਦਿਨ ਨਹੀਂ ਹੁੰਦਾ, ਜਦੋਂ ਪੰਜਾਬ ਦੀਆਂ ਸੜਕਾਂ, ਚੁਰਾਹਿਆਂ ਅਤੇ ਦਫਤਰਾਂ ਅੱਗੇ ਇਸ ਸਰਕਾਰ ਤੋਂ ਅੱਕੇ ਹੋਏ ਲੋਕਾਂ ਨੂੰ ਆਪਣੀਆਂ ਜਾਇਜ਼ ਮੰਗਾਂ ਵਾਸਤੇ ਧਰਨੇ, ਮੁਜ਼ਾਹਰੇ ਅਤੇ ਰੋਸ ਪ੍ਰਦਰਸ਼ਨ ਕਰਨੇ ਨਾ ਪੈ ਰਹੇ ਹੋਣ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਖਡੂਰ ਸਾਹਿਬ ਕਾਂਗਰਸ ਪਾਰਟੀ ਦੇ ਸਾਬਕਾ ਵਧਾਈ ਕੇ ਰਮਨਜੀਤ ਸਿੰਘ ਸਿੱਕੀ ਨੀ ਫੋਨ 'ਤੇ 'ਅਜੀਤ' ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਜ਼ਿਲ੍ਹਾ ਤਰਨ ਤਾਰਨ ਨਾਲ ਸੰਬੰਧਿਤ ਖੰਡ ਮਿਲ ਸੇਰੋਂ ਸੰਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ ਇਕ ਵਾਰ ਫਿਰ ਇਹ ਸਰਕਾਰ ਜ਼ਿਲ੍ਹੇ ਨਾਲ ਇਕ ਹੋਰ ਬਹੁਤ ਵੱਡਾ ਧੋਖਾ ਕਰਨ ਲਈ ਕਮਰਕੱਸੇ ਕਰੀ ਫਿਰ ਬੈਠੀ ਹੈ ਅਤੇ ਖੰਡ ਮਿੱਲ ਸੇਰੋਂ ਨੂੰ ਬੰਦ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀ ਤਿਆਰੀ ਵਿਚ ਹੈ | ਉਨ੍ਹਾਂ ਕਿਹਾ ਕਿ ਹੁਣ ਇਹ ਸਰਕਾਰ, ਸਰਕਾਰੀ ਸ਼ੂਗਰ ਮਿੱਲ ਸ਼ੇਰੋਂ ਨੂੰ ਕਿਸੇ ਪ੍ਰਾਈਵੇਟ ਘਰਾਣੇ ਨੂੰ ਦੇਣ ਲਈ ਜੋ ਕਾਰਵਾਈ ਕਰ ਰਹੀ ਉਸ ਤੋਂ ਕਰੜੇ ਸ਼ਬਦਾਂ ਵਿਚ ਵਿਰੋਧ ਕਰਦੇ ਹਨ ਅਤੇ ਸਰਕਾਰ ਵਲੋਂ ਕੀਤੀ ਜਾ ਰਹੀ ਇਸ ਕੋਝੀ ਸਾਜਿਸ਼ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ | ਉਨ੍ਹਾਂ ਕਿਹਾ ਕਿ ਇਸ ਸ਼ੂਗਰ ਮਿੱਲ ਵਿਚ 60 ਫੀਸਦੀ ਹਿੱਸਾ ਕਿਸਾਨਾਂ ਦਾ ਹੈ | ਇਸ ਲਈ ਸਰਕਾਰ ਦਾ ਇਹ ਫੈਸਲਾ ਜਿਥੇ ਇਲਾਕੇ ਦੇ ਕਿਸਾਨਾਂ ਲਈ ਮੰਦਭਾਗਾ ਹੈ, ਉਥੇ ਉਨ੍ਹਾਂ ਨਾਲ ਜਬਰ ਤੇ ਧੋਖਾ ਵੀ ਹੈ, ਕਿਉਂਕਿ ਇਸ ਇਲਾਕੇ ਦੇ ਵੱਡੀ ਗਿਣਤੀ ਵਿਚ ਕਿਸਾਨ ਇਸ ਖੰਡ ਮਿੱਲ ਵਿਚ ਗੰਨਾ ਲਿਆਉਂਦੇ ਰਹੇ ਹਨ ਅਤੇ ਅਤੇ ਇਹ ਖੰਡ ਮਿੱਲ ਉਨ੍ਹਾਂ ਦੀ ਆਮਦਨ ਦਾ ਇਕ ਵੱਡਾ ਜਰੀਆ ਰਹੀ ਹੈ | ਸਾਬਕਾ ਵਿਧਾਇਕ ਸਿੱਕੀ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸ਼ੂਗਰ ਮਿੱਲ ਦੀ ਨਿੱਜੀਕਰਨ ਮਾਲਕੀਅਤ ਨੂੰ ਤੁਰੰਤ ਰੱਦ ਕਰ ਕੇ ਮਿੱਲ ਨੂੰ ਸਰਕਾਰੀ ਮਾਲਕੀਅਤ ਅਧੀਨ ਲਿਆ ਕੇ ਤੁਰੰਤ ਚਾਲੂ ਕੀਤਾ ਜਾਵੇ, ਨਹੀਂ ਤਾਂ ਕਾਂਗਰਸ ਪਾਰਟੀ ਨੂੰ ਇਸ ਸਰਕਾਰੀ ਫੈਸਲੇ ਦੇ ਵਿਰੁੱਧ ਕੁਝ ਸੋਚਣ ਲਈ ਮਜ਼ਬੂਰ ਹੋਣਾ ਪਵੇਗਾ | ਉਨ੍ਹਾਂ ਕਿਹਾ ਕਿ ਬਿਹਤਰ ਹੋਵੇਗਾ ਕਿ ਜੇਕਰ ਸਰਕਾਰ ਇਸ ਮਿੱਲ ਨੂੰ ਉਚਿਤ ਤਰੀਕੇ ਨਾਲ ਚਾਲੂ ਕਰਵਾ ਕੇ ਇਸ ਦਾ ਲਾਭ ਕਿਸਾਨਾਂ ਨੂੰ ਦੇਵੇ | ਸਰਕਾਰ ਵਲੋਂ ਪਹਿਲਾਂ ਵੀ ਕਈ ਵਾਰ ਪੰਜਾਬ ਦੀਆਂ ਬੇਸ਼ੁਮਾਰ ਕੀਮਤੀ ਜਾਇਦਾਦਾਂ ਨੂੰ ਵੇਚਣ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਗਈਆਂ ਹਨ, ਪਰ ਸੂਬੇ ਦੇ ਲੋਕ ਅਜਿਹਾ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਪੰਜਾਬ ਕਾਂਗਰਸ ਦੀ ਗੱਲ ਕਰਦਿਆਂ ਕਿਹਾ ਕਿ ਹੁਣ ਚੋਣਾਂ ਬਹੁਤੀ ਦੂਰ ਨਹੀਂ ਹਨ, ਕੁਝ ਮਹੀਨੇ ਹੀ ਬਾਕੀ ਹਨ, ਸੂਬੇ ਦੇ ਸੂਝਵਾਨ ਵੋਟਰ ਆਉਣ ਵਾਲੇ ਸਮੇਂ ਵਿਚ ਇਸ ਸਰਕਾਰ ਨੂੰ ਬਿਲਕੁਲ ਵੀ ਮੂੰਹ ਨਹੀਂ ਲਾਉਣਗੇ ਅਤੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਦੁਬਾਰਾ ਸਰਕਾਰ ਬਣਾਉਣਗੇ | ਇਸ ਮੌਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਕਿਸਾਨ ਜਥੇਬੰਦੀਆਂ ਵਲੋਂ ਜੋ ਵੀ ਫ਼ੈਸਲਾ ਲਿਆ ਜਾਵੇਗਾ ਅਸੀ ਪੂਰਨ ਸਮਰਥਨ ਦੇਵਾਂਗੇ ਅਤੇ ਖੰਡ ਮਿੱਲ ਸੇਰੋਂ ਦੀ ਜ਼ਮੀਨ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਅਤੇ ਪਾਰਟੀ ਦਾ ਹਰੇਕ ਵਰਕਰ ਇਸ ਲੜਾਈ ਵਿਚ ਮੋਹਰੀ ਭੂਮਿਕਾ ਨਿਭਾਵੇਗਾ |