28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

Ad Position 21
No active advertisement
ਅਜੀਤ ਡੈਸਕ 02-02-2026
ਤਰਨ ਤਾਰਨ, 1 ਫਰਵਰੀ (ਹਰਿੰਦਰ ਸਿੰਘ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਤਰਨ ਤਰਨ ਆਸ਼ਰਮ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਦੇ ਅੰਦਰ ਵਿਸ਼ੇਸ਼ ਪ੍ਰੋਗਰਾਮ ਕਰਵਾਏ ਗਏ, ਜਿਸ ਵਿਚ ਸਵਾਮੀ ਰਣਜੀਤਾ ਨੰਦ ਨੇ ਆਪਣੇ ਵਿਚਾਰਾਂ ਦੇ ਅੰਦਰ ਕਿਹਾ ਕਿ ਜਿਸ ਸਮੇਂ ਮਨੁੱਖੀ ਸਮਾਜ ਧਰਮ ਤੋਂ ਹੀਣਾ ਹੋ ਜਾਂਦਾ ਹੈ ਤਾਂ ਉਸ ਅੰਦਰ ਅਨੇਕਾਂ ਕੁਰੀਤੀਆਂ ਅਤੇ ਵਹਿਮ ਭਰਮ ਜਨਮ ਲੈ ਲੈਂਦੇ ਹਨ | ਸਮਾਜ ਅੰਦਰ ਜਾਤ-ਪਾਤ ਅਤੇ ਛੂਤ-ਛਾਤ ਵਰਗੀਆਂ ਬਿਮਾਰੀਆਂ ਮਨੁੱਖਤਾ ਦੀ ਵੇਲ ਨੂੰ ਥਾਂ-ਥਾਂ ਤੋਂ ਟੁੱਕ ਦਿੰਦੀਆਂ ਹਨ, ਜਿਸ ਕਾਰਨ ਸਮਾਜ ਅੰਦਰ ਅਨੇਕਤਾ ਦੀਆਂ ਗੰਢਾਂ ਬੱਝਣੀਆਂ ਸ਼ੁਰੂ ਹੋ ਜਾਂਦੀਆਂ ਹਨ | ਕਾਸ਼ੀ ਨਗਰੀ ਦੇ ਅੰਦਰ ਅਜਿਹੇ ਹੀ ਹਾਲਾਤਾਂ ਨੂੰ ਚੁਣੌਤੀ ਦੇਣ ਦੇ ਲਈ ਇਕ ਮਹਾਨ ਕ੍ਰਾਂਤੀਕਾਰੀ ਸਮਾਜ ਸੁਧਾਰਕ ਤੇ ਯੁੱਗ ਪਰਵਰਤਿਕ ਧਰਮ ਪੁਰਸ਼ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਜਨਮ ਲਿਆ | ਸ੍ਰੀ ਗੁਰੂ ਰਵਿਦਾਸ ਨੇ ਸੱਚ ਦੀ ਜੋ ਆਵਾਜ਼ ਬੁਲੰਦ ਕੀਤੀ | ਉਸ ਦੁਆਰਾ ਦੱਬੀ ਕੁਚਲੀ ਨਿਮਾਣੀ ਜਨਤਾ ਅੰਦਰ ਇਕ ਨਵੀਂ ਜਾਗ੍ਰਤੀ ਆਈ | ਉਨ੍ਹਾਂ ਦੇ ਅਲੌਕਿਕ ਜੀਵਨ ਅਤੇ ਲਾਸਾਨੀ ਸ਼ਖ਼ਸੀਅਤ ਅੱਗੇ ਉਸ ਸਮੇਂ ਦੇ ਰਾਜੇ ਮਹਾਰਾਜਿਆਂ ਨੂੰ ਵੀ ਝੁਕਣਾ ਪਿਆ | ਉਨ੍ਹਾਂ ਨੇ ਆਪਣੇ ਜੀਵਨ ਨੂੰ ਇਕ ਮਿਸਾਲ ਦੇ ਰੂਪ ਵਿਚ ਪੇਸ਼ ਕਰਦਿਆਂ ਹੋਇਆਂ ਇਹ ਪ੍ਰੇਰਨਾ ਦਿੱਤੀ ਕਿ ਮਹਾਂਪੁਰਸ਼ ਦਇਆ ਅਤੇ ਤਿਆਗ ਦੀ ਮੂਰਤ ਹੁੰਦੇ ਹਨ ਅਤੇ ਉਨ੍ਹਾਂ ਦਾ ਜੀਵਨ ਸਿਰਫ ਪਰਮਾਰਥ ਦੀ ਅਸਲ ਪਰਿਭਾਸ਼ਾ ਨੂੰ ਹੀ ਸਾਰਥਿਕ ਕਰਦਾ ਹੈ | ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਪ੍ਰੇਮ ਦੇ ਅਲੌਕਿਕ ਪੱਧਰ ਨੂੰ ਬਿਆਨ ਕਰਦੀ ਹੋਈ ਜੀਵ ਆਤਮਾ ਨੂੰ ਪ੍ਰਭੂ ਰੰਗ ਵਿਚ ਰੰਗੇ ਜਾਣ ਦੀ ਪ੍ਰੇਰਨਾ ਦਿੰਦੀ ਹੈ | ਉਨ੍ਹਾਂ ਨੇ ਆਪਣੀ ਬਾਣੀ ਵਿਚ ਪ੍ਰਭੂ ਪ੍ਰਾਪਤੀ ਲਈ ਤੜਫ, ਅਰਦਾਸ, ਬੇਨਤੀ, ਵੈਰਾਗ ਅਤੇ ਪ੍ਰਭੂ ਪ੍ਰੀਤਮ ਨਾਲ ਪੱਕਾ ਰਿਸ਼ਤਾ ਗੰਢਣ ਸੰਬੰਧੀ ਵਿਸ਼ਿਆਂ ਦਾ ਸੰਜੀਵ ਚਿਤਰਨ ਕੀਤਾ ਹੈ | ਉਨ੍ਹਾਂ ਨੇ ਆਪਣੇ ਵਿਚਾਰਾਂ ਅੰਦਰ ਸਭ ਨੂੰ ਇਹੀ ਉਪਦੇਸ਼ ਦਿੱਤਾ ਕਿ ਜਿਸ ਨੂੰ ਵੀ ਮਾਨਵ ਤਨ ਮਿਲਿਆ ਹੈ | ਉਹ ਉਸ ਸੱਚੇ ਰੱਬ ਦੀ ਬੰਦਗੀ ਕਰਨ ਦਾ ਅਧਿਕਾਰੀ ਹੈ | ਜਾਤ-ਪਾਤ ਅਤੇ ਛੂਤ-ਛਾਤ ਦੀ ਅਗਿਆਨਤਾ ਵਾਲੀ ਸੋਚ ਹੀ ਸਾਡੀ ਧਾਰਮਿਕ ਏਕਤਾ ਨੂੰ ਖੇਰੂੰ-ਖੇਰੂੰ ਕਰ ਰਹੀ ਹੈ | ਉਨ੍ਹਾਂ ਨੇ ਧਾਰਮਿਕਤਾ ਦੇ ਨਾਂਅ 'ਤੇ ਹੋ ਰਹੇ ਪਾਖੰਡ ਦਾ ਡੱਟ ਕੇ ਵਿਰੋਧ ਕੀਤਾ ਕਿ ਬਾਹਰ ਧਰਮ ਦਾ ਦਿਖਾਵਾ ਹੈ, ਪਰ ਮਨ ਤਰ੍ਹਾਂ-ਤਰ੍ਹਾਂ ਦੇ ਮਾਇਆਵੀ ਵਿਕਾਰਾਂ ਨਾਲ ਗ੍ਰਸਤ ਹੈ | ਗੁਰੂ ਰਵਿਦਾਸ ਮਹਾਰਾਜ ਜੀ ਦਾ ਸਭ ਦੇ ਲਈ ਇਹੀ ਸੰਦੇਸ਼ ਹੈ ਕਿ ਪੂਰਨ ਗੁਰੂ ਦੀ ਸ਼ਰਨ ਵਿਚ ਜਾ ਕੇ ਉਸ ਇਕ ਨੂੰ ਜਾਣੋ, ਜੋ ਤੁਹਾਡੇ ਹਿਰਦੇ ਦੇ ਅੰਦਰ ਬਿਰਾਜਮਾਨ ਹੈ, ਉਸੇ ਸਥਾਨ ਨੂੰ ਉਨ੍ਹਾਂ ਨੇ ਬੇਗਮਪੁਰਾ ਕਿਹਾ ਹੈ | ਪ੍ਰੋਗਰਾਮ ਦੌਰਾਨ ਸਾਧਵੀ ਰਮਨਦੀਪ ਭਾਰਤੀ, ਸਾਧਵੀ ਲਖਵਿੰਦਰ ਭਾਰਤੀ ਨੇ ਗੁਰਬਾਣੀ ਸ਼ਬਦ ਕੀਰਤਨ ਦਾ ਗਾਇਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਲੈਕਚਰਾਰ ਨਰਿੰਦਰ ਕੌਰ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਖੇਮਕਰਨ ਨੂੰ ਵਿਕਾਸ ਪੱਖੋਂ ਸੂਬੇ 'ਚੋਂ ਮੋਹਰੀ ਬਣਾਇਆ ਜਾਵੇਗਾ -ਵਿਧਾਇਕ ਧੁੰਨ
Ad Position 24