ਤਰਨ ਤਾਰਨ, 3 ਫਰਵਰੀ (ਹਰਿੰਦਰ ਸਿੰਘ)-ਤਰਨ ਤਾਰਨ ਪੁਲਿਸ ਵਲੋਂ ਵੱਡੀ ਕਾਰਵਾਈ ਕਰਦਿਆਂ ਮੰਗਲਵਾਰ ਨੂੰ ਸਵੇਰੇ ਕਾਲਜ ਰੋਡ 'ਤੇ ਕਰੀਬ 150 ਮੁਲਾਜ਼ਮਾਂ ਨਾਲ ਵੱਖ ਵੱਖ ਥਾਵਾਂ 'ਤੇ ਨਾਕਾਬੰਦੀ ਕਰਕੇ ਸਕੂਲ, ਕਾਲਜ ਆਉਣ ਵਾਲੀਆਂ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਅਤੇ ਅਵਾਰਾਗਰਦੀ ਕਰਨ ਵਾਲਿਆਂ ਖ਼ਿਲਾਫ਼ ਇਕ ਆਪ੍ਰੇਸ਼ਨ ਚਲਾਇਆ ਗਿਆ। ਇਹ ਨਾਕਾਬੰਦੀ ਥਾਣਾ ਸਿਟੀ ਦੇ ਐਸ.ਐਚ.ਓ. ਨਵਦੀਪ ਭੱਟੀ ਦੀ ਅਗਵਾਈ ਵਿਚ ਵੱਖ ਵੱਖ ਮੁਲਾਜਮਾਂ ਵਲੋਂ ਕੀਤੀ ਗਈ। ਜਗ੍ਹਾ ਜਗ੍ਹਾ ਪੁਲਿਸ ਦੇ ਨਾਕਿਆਂ ਨੂੰ ਦੇਖ ਕੇ ਕਈ ਨੌਜਵਾਨ ਗਲੀਆਂ ਵਿਚੋਂ ਭੱਜਦੇ ਦਿਖਾਈ ਦਿੱਤੇ। ਇਸ ਮੌਕੇ ਐਸ.ਐਚ.ਓ. ਨਵਦੀਪ ਭੱਟੀ ਨੇ ਦੱਸਿਆ ਕਿ ਤਰਨ ਤਾਰਨ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਦੇ ਨਿਰਦੇਸ਼ਾਂ 'ਤੇ ਇਲਾਕੇ ਵਿਚ ਗ਼ਲਤ ਅਨਸਰਾਂ 'ਤੇ ਕਾਬੂ ਪਾਉਣ ਅਤੇ ਸਕੂਲ ਕਾਲਜ ਜਾਂਦੀਆਂ ਲੜਕੀਆਂ ਨੂੰ ਪ੍ਰੇਸ਼ਾਨ ਕਰਨ ਅਤੇ ਮੋਟਰਸਾਈਕਲ 'ਤੇ ਅਵਾਰਾਗਰਦੀ ਕਰਨ ਵਾਲਿਆਂ ਨੂੰ ਰੋਕਣ ਲਈ ਕਾਲਜ ਰੋਡ 'ਤੇ ਵੱਖ ਵੱਖ ਨਾਕਿਆਂ 'ਤੇ 150 ਦੇ ਕਰੀਬ ਮੁਲਾਜ਼ਮਾਂ ਨੇ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ 25 ਉਨ੍ਹਾਂ ਵਾਹਨਾਂ ਦੇ ਚਲਾਣ ਕੀਤੇ ਗਏ, ਜਿੰਨਾਂ ਦੇ ਕਾਗਜ਼ਾਤ ਪੂਰੇ ਨਹੀਂ ਸਨ ਅਤੇ ਤਿੰਨ ਮੋਟਰਸਾਈਕਲਾਂ ਨੂੰ ਬੰਦ ਕੀਤਾ ਗਿਆ। ਇਸ ਤੋਂ ਇਲਾਵਾ ਅਵਾਰਾ ਗਰਦੀ ਕਰਨ ਵਾਲੇ ਚਾਰ-ਪੰਜ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਤਰਨ ਤਾਰਨ ਸ਼ਹਿਰ ਵਿਚ ਕਿਸੇ ਵੀ ਤਰ੍ਹਾਂ ਦੇ ਅਪਰਾਧ ਨੂੰ ਰੋਕਣ ਲਈ ਪੁਲਿਸ ਵਲੋਂ ਪੂਰੀ ਮੁਸ਼ਤੈਦੀ ਵਰਤੀ ਜਾ ਰਹੀ ਹੈ। ਤੜਕਸਾਰ ਤੋਂ ਲੈਕੇ ਦੇਰ ਰਾਤ ਤੱਕ ਪੁਲਿਸ ਦੀ ਨਾਕਾਬੰਦੀ ਜਾਰੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਲੁੱਟਾਂ ਖੋਹਾਂ ਕਰਨ ਅਤੇ ਰਾਹ ਜਾਂਦੇ ਲੋਕਾਂ ਪਾਸੋਂ ਖੋਹ ਕਰਨ ਵਾਲਿਆਂ ਦੇ ਖ਼ਿਲਾਫ਼ ਵੀ ਪੁਲਿਸ ਵਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਵਲੋਂ ਨਾਕਾਬੰਦੀ ਕਰ ਕੇ ਲੜਕੀਆਂ ਨੂੰ ਪ੍ਰੇਸ਼ਾਨ ਕਰਨ ਤੇ ਅਵਾਰਾਗਰਦੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ
ਅਜੀਤ ਡੈਸਕ
04-02-2026