ਅੰਮਿ੍ਤਸਰ, 4 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਉਪ ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਡੀਨ ਕਾਲਜ ਵਿਕਾਸ ਕੌਂਸਲ ਦੇ ਸਹਿਯੋਗ ਨਾਲ ਆਮਦਨ ਕਰ ਵਿਭਾਗ, ਭਾਰਤ ਸਰਕਾਰ ਦੇ ਅੰਮਿ੍ਤਸਰ ਵਿਖੇ ਸਥਿਤ ਦਫਤਰ ਦੇ ਆਮਦਨ ਕਰ ਅਧਿਕਾਰੀ (ਟੀ. ਡੀ. ਐੱਸ.) ਵਿਕਾਸ ਕੁਮਾਰ ਅਤੇ ਭੁਪਿੰਦਰ ਸਿੰਘ, ਆਈ. ਆਰ. ਐੱਸ. ਜੁਆਇੰਟ ਕਮਿਸ਼ਨਰ, ਆਮਦਨ ਕਰ ਵਿਭਾਗ (ਟੀ. ਡੀ. ਐੱਸ.) ਲੁਧਿਆਣਾ ਵਲੋਂ ਸੈਨੇਟ ਹਾਲ ਵਿਖੇ 'ਟੀ. ਡੀ. ਐੱਸ. ਤੇ ਟੀ. ਡੀ. ਐੱਸ. ਅੰਡਰ ਦ ਇਨਕਮ ਟੈਕਸ ਐਕਟ 2025 ਇਨ ਵਿਊ ਆਫ 'ਕੈਪੇਸਿਟੀ ਬਿਲਡਿੰਗ ਆਫ ਸਟੇਕਹੋਲਡਰਜ਼ ਬਾਰੇ ਪ੍ਰੋਵਿਜ਼ਨ' ਵਿਸ਼ੇ ਤੇ ਇਕ ਸੈਮੀਨਾਰ ਆਊਟਰੀਚ ਐਂਡ ਅਵੇਅਰਨੈਸ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਡੀਨ ਅਕਾਦਮਿਕ ਮਾਮਲੇ, ਡਾ. ਐੱਚ. ਐੱਸ. ਸੈਣੀ, ਰਜਿਸਟਰਾਰ ਡਾ. ਕਰਮਜੀਤ ਸਿੰਘ ਚਾਹਲ ਤੇ ਯੂਨੀਵਰਸਿਟੀ ਨਾਲ ਅੰਮਿ੍ਤਸਰ, ਗੁਰਦਾਸਪੁਰ, ਜਲੰਧਰ ਤੇ ਪਠਾਨਕੋਟ ਨਾਲ ਸੰਬੰਧਿਤ ਲਗਭਗ 86 ਕਾਲਜਾਂ ਦੇ ਡਰਾਇੰਗ ਐਂਡ ਡਿਸਬਰਸਿੰਗ ਅਫਸਰਾਂ ਤੇ ਯੂਨੀਵਰਸਿਟੀ ਦੇ ਆਮਦਨ ਕਰ ਨਾਲ ਸੰਬੰਧਿਤ ਸੇਵਾ ਨਿਭਾਅ ਰਹੇ ਅਧਿਕਾਰੀਆਂ/ਕਰਮਚਾਰੀਆਂ ਨੇ ਭਾਗ ਲਿਆ | ਪ੍ਰੋ. ਕਰਮਜੀਤ ਸਿੰਘ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਆਮਦਨ ਕਰ ਕਾਨੂੰਨ-2025 ਅਧੀਨ ਕੀਤੀਆਂ ਗਈਆਂ ਨਵੀਆਂ ਸੋਧਾਂ ਬਾਰੇ ਸਮੇਂ-ਸਿਰ ਜਾਣਕਾਰੀ ਹੋਣਾ ਸਾਰੇ ਸਟੇਕ ਹੋਲਡਰਾਂ ਲਈ ਬਹੁਤ ਜ਼ਰੂਰੀ ਹੈ |