ਅੰਮਿ੍ਤਸਰ, 4 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਮੰਡੀ ਬੋਰਡ ਅਤੇ ਜ਼ਿਲ੍ਹਾ ਅੰਮਿ੍ਤਸਰ/ਤਰਨ ਤਾਰਨ ਦੀਆਂ ਮਾਰਕੀਟ ਕਮੇਟੀਆਂ ਦੀ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਹਰਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਕੰਪਨੀ ਬਾਗ ਵਿਖੇ ਹੋਈ | ਇਸ ਮੌਕੇ ਮੀਟਿੰਗ 'ਚ ਵਿੱਛੜੇ ਸਾਥੀ ਹਰਮਿੰਦਰ ਸਿੰਘ ਜੀ. ਐੱਮ. ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ ਉਪਰੰਤ ਪੈਨਸ਼ਨਰਾਂ ਦੇ ਮਸਲੇ ਨੂੰ ਵਿਚਾਰਿਆ ਗਿਆ | ਇਸ ਦੌਰਾਨ ਪ੍ਰਧਾਨ ਹਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੈਨਸ਼ਨਰਾਂ ਵਲੋਂ ਆਪਣੀਆਂ ਮੰਗਾਂ ਅਤੇ ਸਮੱਸਿਆਵਾਂ ਬਾਰੇ ਜਾਣੰੂ ਕਰਵਾਇਆ, ਜਿਸ 'ਚ ਖਾਸ ਕਰਕੇ ਸੇਵਾਮੁਕਤ ਹੋਏ ਮੁਲਾਜ਼ਮਾਂ ਦੀਆਂ ਗਰੈਚੁਟੀ, ਬਕਾਏ ਆਦਿ ਮੰਗਾਂ ਦਾ ਜਿਕਰ ਸੀ | ਉਨ੍ਹਾਂ ਕਿਹਾ ਕਿ ਇਸ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਜਲਦ ਹੀ ਜ਼ਿਲ੍ਹਾ ਮੰਡੀ ਅਫਸਰ ਨਾਲ ਮੁਲਾਕਾਤ ਕਰਕੇ ਲਿਖਤੀ ਰੂਪ 'ਚ ਆਉਣ ਵਾਲੇ ਮਾਰਕੀਟ ਕਮੇਟੀਆਂ ਦੇ ਬਜਟ 'ਚ ਪੈਨਸ਼ਨਰਾਂ ਨੂੰ ਦਿੱਤੀ ਜਾਣ ਵਾਲੀ ਬਕਾਇਆ ਰਾਸ਼ੀ ਬਜਟ 'ਚ ਰੱਖਣ ਦੀ ਮੰਗ ਕੀਤੀ ਜਾਵੇਗੀ | ਉਨ੍ਹਾਂ ਹੜ੍ਹਾਂ ਸੰਬੰਧੀ ਇੱਕਤਰ ਫੰਡ ਦੀ ਵੰਡ ਬਾਰੇ ਜਾਣਕਾਰੀ ਦਿੰਦਿਆਂ ਸਮੂਹ ਪੈਨਸ਼ਨਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਹਾਜ਼ਰ ਮੈਂਬਰਾਂ ਨੂੰ ਉਚੇਚੇ ਤੌਰ 'ਤੇ ਐਸੋਸੀਏਸਨ ਵਲੋਂ ਛਪਵਾਈਆਂ ਗਈਆਂ ਡਾਇਰੀਆਂ ਵੰਡੀਆ ਗਈਆਂ | ਪ੍ਰਧਾਨ ਰੰਧਾਵਾ ਨੇ ਦੱਸਿਆ ਕਿ ਡਾਇਰੀਆਂ 'ਚ ਐਸੋਸੀਏਸ਼ਨ ਦੀਆਂ ਸਾਲ 2020 ਤੋਂ ਸਾਲ 2025 ਤੱਕ ਦੇ ਸਮੇਂ ਦੀਆਂ ਉਪਲਬੱਧੀਆਂ ਤੇ ਪ੍ਰਮੁੱਖ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਐਸੋਸੀਏਸਨ ਦੀ ਅਗਲੀ ਮੀਟਿੰਗ ਮਿਤੀ 25 ਫਰਵਰੀ ਨੂੰ ਕੰਪਨੀ ਬਾਗ ਵਿਖੇ 11 ਵਜੇ ਤੈਅ ਕੀਤੀ ਗਈ ਹੈ | ਇਸ ਮੌਕੇ ਰਾਜਵਿੰਦਰ ਸਿੰਘ, ਜਸਪਾਲ ਸਿੰਘ, ਸੁਖਪਾਲ ਸਿੰਘ, ਅਨਿਲ ਅਰੋੜਾ, ਸੁਖਦੇਵ ਸਿੰਘ ਆਦਿ ਹਾਜ਼ਰ ਸਨ |