ਤਰਨ ਤਾਰਨ, 4 ਫਰਵਰੀ (ਹਰਿੰਦਰ ਸਿੰਘ)-ਸ਼ਹਿਰ ਦੇ ਮੁਹੱਲਾ ਨਾਨਕਸਰ ਰੋਹੀ ਕੰਢੇ ਵਾਰਡ ਨੰਬਰ 7 ਦੇ ਨਿਵਾਸੀ ਨਰਕ ਭਰੀ ਜਿੰਦਗੀ ਜੀਣ ਲਈ ਮਜ਼ਬੂਰ ਹੋ ਰਹੇ ਹਨ ਕਿਉਂਕਿ ਗਲੀਆਂ ਵਿਚ ਸੀਵਰੇਜ ਦਾ ਬੁਰਾ ਹਾਲ ਹੈ ਅਤੇ ਸੀਵਰੇਜ ਦਾ ਓਵਰਫਲੋ ਪਾਣੀ ਲੋਕਾਂ ਦੇ ਘਰਾਂ ਅੰਦਰ ਵੜ ਰਿਹਾ ਹੈ, ਜਿਸ ਕਾਰਨ ਲੋਕ ਦੁਖੀ ਹਨ ਅਤੇ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਪ੍ਰੰਤੂ ਸੰਬੰਧਿਤ ਨਗਰ ਕੌਂਸਲ ਤਰਨ ਤਾਰਨ ਵਲੋਂ ਸੀਵਰੇਜ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਇਸ ਸੰਬੰਧੀ ਮੁਹੱਲਾ ਨਿਵਾਸੀਆਂ ਲੀਲਾ ਵੰਤੀ, ਦਵਿੰਦਰ ਕੌਰ ਅਤੇ ਹੋਰਨਾਂ ਦੱਸਿਆ ਕਿ ਮੁਹੱਲਾ ਦੀਆਂ ਗਲੀਆਂ ਵਿਚ ਸੀਵਰੇਜ ਦਾ ਬੁਰਾ ਹਾਲ ਹੈ ਅਤੇ ਸੀਵਰੇਜ ਅਕਸਰ ਜਾਮ ਰਹਿੰਦਾ ਹੈ, ਜਿਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਗਲੀ ਵਿਚ ਖ਼ੜਾ ਰਹਿੰਦਾ ਹੈ ਅਤੇ ਲੰਘਣਾ ਮੁਸ਼ਕਿਲਾ ਹੋਇਆ ਪਿਆ ਹੈ ਅਤੇ ਪਾਣੀ ਵਿਚੋਂ ਗੰਦਗੀ ਬਦਬੂ ਆ ਰਹੀ ਹੈ | ਉਨ੍ਹਾਂ ਕਿਹਾ ਕਿ ਅਸੀਂ ਨਗਰ ਕੌਂਸਲ ਤਰਨਤਾਰਨ ਵਿਖੇ ਕਈ ਵਾਰ ਸ਼ਿਕਾਇਤਾਂ ਕਰ ਚੁੱਕੇ ਹੈ ਅਤੇ ਕਰਮਚਾਰੀ ਆਉਂਦੇ ਹਨ ਅਤੇ ਮਾੜਾ ਮੋਟਾ ਸੀਵਰੇਜ ਸਾਫ ਕਰਕੇ ਚਲੇ ਜਾਂਦੇ ਹਨ ਪ੍ਰੰਤੂ ਸੀਵਰੇਜ ਫਿਰ ਜਾਮ ਹੋ ਜਾਂਦਾ ਹੈ, ਜਿਸ ਦਾ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਅਤੇ ਅਸੀਂ ਨਰਕ ਭਰੀ ਜਿੰਦਗੀ ਜੀਣ ਲਈ ਮਜਬੂਰ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਤੋਂ ਸੀਵਰੇਜ ਦਾ ਬੁਰਾ ਹਾਲ ਹੋਇਆ ਪਿਆ ਹੈ, ਜਿਸ ਕਾਰਨ ਸਾਡੇ ਘਰ ਪ੍ਰਾਹੁਣੇ ਵੀਂ ਆਉਣ ਤੋਂ ਗੁਰੇਜ ਕਰਦੇ ਹਨ ਕਿ ਕਿਤੇ ਉਹ ਬਿਮਾਰ ਨਾ ਹੋ ਜਾਣ | ਉਨ੍ਹਾਂ ਨਗਰ ਕੌਂਸਲ ਤਰਨ ਤਾਰਨ ਦੇ ਈ.ਓ. ਪਾਸੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਮੁਹੱਲਾ ਵਿਚਲਾ ਸੀਵਰੇਜ ਦੀ ਸਾਫ ਸਫਾਈ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ | ਇਸ ਸੰਬੰਧੀ ਕੌਂਸਲਰ ਸੁਖਜਿੰਦਰ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੌਂਸਲਰ ਬਨਣ ਤੋਂ ਪਹਿਲਾਂ ਦੀ ਇਹ ਸਮੱਸਿਆ ਹੈ | ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਨਾਲ ਸੰਬੰਧਿਤ ਕੌਂਸਲਰ ਹਨ ਅਤੇ ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਜਿਸ ਕਾਰਨ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ | ਉਨ੍ਹਾਂ ਕਿਹਾ ਕਿ ਮੁਹੱਲਾ ਵਿਚਲੇ ਸੀਵਰੇਜ ਦੀ ਸਮੱਸਿਆ ਵੱਡੀ ਹੈ, ਜਿਸ ਨੂੰ ਵੱਡੀਆਂ ਮਸ਼ੀਨਾਂ ਨਾਲ ਹੀ ਸਾਫ ਕੀਤਾ ਜਾ ਸਕਦਾ ਹੈ ਪ੍ਰੰਤੂ ਸੰਬੰਧਿਤ ਨਗਰ ਕੌਂਸਲ ਵਲੋਂ ਮਸ਼ੀਨਾਂ ਨਾਲ ਸਾਫ ਸਫਾਈ ਨਹੀਂ ਕਰਵਾਈ ਜਾ ਰਹੀ, ਜਿਸ ਕਾਰਨ ਸੀਵਰੇਜ ਸਮੱਸਿਆ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਉਹ ਮੁਹੱਲਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਵਚਨਬੱਧ ਹਨ ਅਤੇ ਨਗਰ ਕੌਂਸਲ ਨੂੰ ਸਮੇਂ ਸਮੇਂ 'ਤੇ ਲੋਕਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਂਦੇ ਰਹਿੰਦੇ ਹਨ ਪਰ ਨਗਰ ਕੌਂਸਲ ਅਧਿਕਾਰੀਆਂ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਿਭਾਗ ਨੂੰ ਚਾਹੀਦਾ ਹੈ ਕਿ ਮੁਹੱਲੇ ਵਿਚਲੇ ਸੀਵਰੇਜ ਨੂੰ ਵੱਡੀਆਂ ਮਸ਼ੀਨਾਂ ਨਾਲ ਸਾਫ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ |