ਤਰਨ ਤਾਰਨ, 6 ਫਰਵਰੀ (ਹਰਿੰਦਰ ਸਿੰਘ)- ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਸਤਨਾਮ ਸਿੰਘ ਮਾਣਕ, ਬਾਬਾ ਦਰਸ਼ਨ ਸਿੰਘ, ਜਸਬੀਰ ਸਿੰਘ ਨੌਸ਼ਹਿਰਾ ਪੰਨੂਆਂ, ਗੁਰਜੀਤ ਸਿੰਘ ਤਰਸਿੱਕਾ, ਦਲਬੀਰ ਸਿੰਘ ਭੀਲੋਵਾਲ, ਸੁਖਵਿੰਦਰ ਸਿੰਘ ਤਰਨ ਤਾਰਨ, ਹਰਮਨਦੀਪ ਸਿੰਘ ਸਰਹਾਲੀ ਨੇ ਆਖਿਆ ਕਿ 1984 ਵਾਲੀ ਪਾਰਟੀ ਵਿਚ ਸ਼ਾਮਿਲ ਸਿੱਖ ਤੇ ਨਾਗਪੁਰੀ ਸਿੱਖ, ਸਿੱਖੀ ਨਾਲ ਵੈਰ ਕਮਾਉਣ ਤੇ ਸਿੱਖਾਂ ਉੱਪਰ ਜ਼ਬਰ ਜ਼ੁਲਮ ਢਾਹੁਣ ਵਾਲੀਆਂ ਧਿਰਾਂ ਵਿਚ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਸਾਰਿਆਂ ਤੋਂ ਮਹਾਨ ਸਿੱਖ ਦੱਸ ਕੇ ਸ਼ਰਮਿੰਦਗੀ ਦੀਆਂ ਸਾਰੀਆਂ ਹੱਦਾਂ ਬੰਨ੍ਹੇ ਟੱਪ ਚੁੱਕੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜਿਸ ਨੇ ਭਾਜਪਾ, ਆਰ.ਐੱਸ.ਐੱਸ. ਤੇ ਬਾਦਲਾਂ ਦੀ ਮਦਦ ਨਾਲ ਸ੍ਰੀ ਦਰਬਾਰ ਸਾਹਿਬ ਤੇ ਤੋਪਾਂ-ਟੈਂਕਾਂ ਨਾਲ ਹਮਲਾ ਕਰਕੇ ਪੰਜਾਬ ਅੰਦਰ 25 ਹਜ਼ਾਰ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾ ਕੇ ਸਿੱਖੀ ਨਾਲ 5 ਸਦੀਆਂ ਪੁਰਾਣਾ ਵੈਰ ਕੱਢਿਆ | ਕਾਂਗਰਸ, ਭਾਜਪਾ, ਆਰ.ਐੱਸ.ਐੱਸ. ਜਿੰਨ੍ਹਾਂ ਨੇ ਰਲ ਕੇ ਪੰਜਾਬੀ ਬੋਲੀ ਦਾ ਵਿਰੋਧ ਕੀਤਾ, ਪੰਜਾਬ ਦਾ ਪਾਣੀ, ਬਿਜਲੀ ਇਲਾਕੇ ਖੋਹੇ, ਰਾਜਧਾਨੀ ਖੋਹੀ, ਵਿਚ ਸ਼ਾਮਿਲ ਸਿੱਖ ਦੱਸਣ ਇਹ ਕਿਸ ਤਰ੍ਹਾਂ ਦੀ ਸਿੱਖੀ ਦੀ ਸੇਵਾ ਹੈ | ਜਿਹੜੀਆਂ ਧਿਰਾਂ ਫੌਜੀ ਹਮਲਾ ਕਰਦੀਆਂ, 2002 ਦਾ ਕਤਲੇਆਮ ਕਰਾਉਂਦੀਆਂ, ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦਾ ਕੋਈ ਨਿਆਂ ਨਹੀਂ ਦਿੰਦੀਆਂ, ਸਿੱਖਾਂ ਨੂੰ 30-30 ਸਾਲ ਤੋਂ ਬੰਦੀ ਬਣਾਕੇ, ਫਾਂਸੀ ਰੱਦ ਨਹੀ ਕਰਦੀਆਂ | ਉਨ੍ਹਾਂ ਦੀ ਸੇਵਾ ਸਿੱਖੀ ਦੀ ਸੇਵਾ ਕਿਵੇਂ ਹੋਏਾ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਬੇਅੰਤ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਜਿਸਨੇ ਹਜ਼ਾਰਾਂ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਏ ਉਸਦਾ ਪੋਤਰਾ ਰਵਨੀਤ ਬਿੱਟੂ ਉਸਦਾ ਵਾਰਿਸ ਬਣ ਕੇ ਆਪਣੇ ਆਪ ਨੂੰ ਸਭ ਤੋਂ ਵੱਡਾ ਸਿੱਖ ਦੱਸ ਰਿਹਾ ਹੈ | ਦੂਜੇ ਬੰਨ੍ਹੇ ਰਾਹੁਲ ਗਾਂਧੀ ਆਪਣੇ ਆਪ ਨੂੰ ਇੰਦਰਾਂ ਦਾ ਵਾਰਸ ਦੱਸਕੇ ਸਿੱਖਾਂ ਦਾ ਹਮਾਇਤੀ ਦੱਸ ਰਿਹਾ ਹੈ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਸ਼ਰਾਬ ਤੇ ਨਸ਼ਿਆਂ ਦੇ ਧੰਦੇ ਵਿਚ ਸ਼ਾਮਿਲ ਸਿੱਖ ਆਪਣੇ ਆਪ ਨੂੰ ਮਹਾਨ ਦੱਸ ਰਹੇ ਹਨ | ਜਾਇਦਾਦਾਂ ਦੇ ਅੰਬਾਰ ਲਾਉਣ ਵਾਲੇ ਆਪਣੇ ਆਪ ਨੂੰ ਸਭ ਤੋਂ ਵੱਡੇ ਧਰਮੀ ਦੱਸ ਰਹੇ ਹਨ | ਉਨ੍ਹਾਂ ਕਿਹਾ ਕਿ ਮਜੀਠੇ ਵਰਗੇ 7 ਮਹੀਨਿਆਂ ਨਸ਼ਿਆਂ ਤੇ ਜਾਇਦਾਦਾਂ ਦੇ ਅੰਬਾਰ ਲਾਉਣ ਦੇ ਕੇਸ ਵਿਚ ਜ਼ੇਲ੍ਹ ਕੱਟ ਕੇ ਹਾਰ-ਪਾਰਿਆਂ ਕਰ ਰਹੇ ਹਨ, ਪਰ ਪ੍ਰਣਾਮ ਉਨ੍ਹਾਂ ਬੰਦੀ ਸਿੱਖਾਂ ਨੂੰ ਜਿੰਨ੍ਹਾਂ 30-32 ਸਾਲ ਗੁਜਾਰ ਕੇ ਵੀ ਸੀਅ ਨਹੀਂ ਕੀਤੀ |