ਖੇਮਕਰਨ, 20 ਫਰਵਰੀ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ ਦੀ ਆਮ ਆਦਮੀ ਦੀ ਸਰਕਾਰ ਵਲੋਂ ਹਲਕੇ ਦੇ ਹਰਮਨ ਪਿਆਰੇ ਵਿਧਾਇਕ ਸਰਵਨ ਸਿੰਘ ਧੁੰਨ ਦੇ ਯਤਨਾਂ ਸਦਕਾ ਸਰਹੱਦੀ ਖੇਤਰ ਵਿਚਲੇ ਪਿੰਡਾਂ ਦੇ ਵਿਕਾਸ ਕੰਮਾਂ ਲਈ ਵਿਸ਼ੇਸ਼ ਤੌਰ 'ਤੇ ਗ੍ਰਾਂਟਾਂ ਜਾਰੀ ਕੀਤੀਆਂ ਹਨ, ਜਿਸ ਨਾਲ ਪਿੰਡਾਂ 'ਚ ਕੋਈ ਰਸਤਾ ਕੱਚਾ ਨਹੀਂ ਰਹੇਗਾ ਤੇ ਪਿੰਡਾਂ ਦੇ ਗੰਦੇ ਪਾਣੀ ਦਾ ਨਿਕਾਸ ਵੀ ਸੀਵਰੇਜ ਰਾਹੀਂ ਹੋਣ ਲੱਗ ਜਾਵੇਗਾ | ਇਸ ਦੇ ਨਾਲ ਪਿੰਡਾਂ 'ਚ ਸਿਹਤ ਸਹੂਲਤਾਂ ਹੋਰ ਬਿਹਤਰ ਬਣਾਉਣ ਲਈ ਹਲਕਾ ਵਿਧਾਇਕ ਦੀਆਂ ਕੋਸ਼ਿਸ਼ਾਂ ਨਾਲ ਹੋਰ ਮੁਹੱਲਾ ਕਲੀਨਿਕ ਖੋਲੇ੍ਹ ਜਾ ਰਹੇ ਹਨ | ਜਦੋਂਕਿ ਸਰਕਾਰੀ ਸਕੂਲਾਂ ਚ ਪਹਿਲਾਂ ਹੀ ਸਟਾਫ਼ ਪੂਰਾ ਹੈ, ਜਿਸ ਕਰਕੇ ਸਰਕਾਰੀ ਸਕੂਲਾਂ 'ਚ ਪੜ੍ਹਾਈ ਦਾ ਬਹੁਤ ਸੁਧਾਰ ਹੋਇਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ 'ਆਪ' ਦੇ ਐਨ.ਆਰ.ਆਈ. ਆਗੂ ਬਲਵੰਤ ਸਿੰਘ ਸੰਧੂ ਟਰਾਂਸਪੋਰਟਰ ਯੂ.ਐਸ.ਏ. ਨੇ ਇਕ ਬਿਆਨ 'ਚ ਕੀਤਾ | ਉਨ੍ਹਾਂ ਦੱਸਿਆ ਕਿ ਪੰਜਾਬ ਦੀ ਸਰਕਾਰ ਵਲੋਂ ਇਸ ਇਲਾਕੇ ਵੱਲ ਉਚੇਚਾ ਧਿਆਨ ਦਿੱਤਾ ਦਾ ਰਿਹਾ ਹੈ, ਜਿਸ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਗਲੀ 7 ਮਾਰਚ ਨੂੰ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਦੇ ਸੱਦੇ 'ਤੇ ਹਲਕੇ ਦਾ ਦੌਰਾ ਕਰਨ ਆ ਰਹੇ ਹਨ, ਜਿਸ ਦੌਰਾਨ ਮੁੱਖ ਮੰਤਰੀ ਪੰਜਾਬ ਜਿਥੇ ਹਲਕੇ 'ਚ ਵੱਖ-ਵੱਖ ਪਿੰਡਾਂ 'ਚ ਬਣ ਰਹੀਆਂ ਲਿੰਕ ਸੜਕਾਂ ਦਾ ਉਦਘਾਟਨ ਕਰਨਗੇ, ਉੱਥੇ ਖੇਡ ਸਟੇਡੀਅਮਾਂ ਦਾ ਵੀ ਨੀਂਹ ਪੱਥਰ ਰੱਖਣਗੇ | ਇਸ ਦੇ ਨਾਲ ਪਿੰਡਾਂ 'ਚ ਕਰੋੜਾਂ ਦੇ ਪ੍ਰਾਜੈਕਟਾਂ ਦੀ ਵੀ ਸ਼ੁਰੂਆਤ ਕਰਨਗੇ ਤੇ ਹਲਕੇ 'ਚ ਮੰਡੀ ਅਮਰਕੋਟ ਵਿਖੇ ਵਿਸ਼ਾਲ ਜਨਤਕ ਰੈਲੀ ਨੂੰ ਵੀ ਸੰਬੋਧਨ ਕਰਨਗੇ, ਜਿਸ ਕਰਕੇ ਮੁੱਖ ਮੰਤਰੀ ਦੇ ਦੌਰੇ ਨੂੰ ਲੈ ਕੇ ਵਰਕਰਾਂ 'ਚ ਬਹੁਤ ਉਤਸ਼ਾਹ ਹੈ | ਇਸ ਰੈਲੀ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਚਾਲੂ ਹਨ | ਪਾਰਟੀ ਦੀ ਅਮਰਕੋਟ ਰੈਲੀ 'ਚ ਬਹੁਤ ਵੱਡਾ ਇਕੱਠ ਹੋਵੇਗਾ | ਪਿੰਡ-ਪਿੰਡ ਵਰਕਰ ਮੀਟਿੰਗਾਂ ਦਾ ਦੌਰ ਚਾਲੂ ਹੈ | ਇਸ ਲਈ ਹਲਕਾ ਖੇਮਕਰਨ ਨੂੰ ਸਰਕਾਰ ਤੋਂ ਬਹੁਤ ਆਸਾਂ ਹਨ, ਜਿੰਨਾ ਨੂੰ ਮੁੱਖ ਮੰਤਰੀ 7 ਮਾਰਚ ਨੂੰ ਪੂਰਾ ਕਰਨ ਜਾ ਰਹੇ ਹਨ |