ਤਰਨ ਤਾਰਨ, 22 ਫਰਵਰੀ (ਹਰਿੰਦਰ ਸਿੰਘ)-ਪਿਛਲੇ ਦਿਨੀ ਤਰਨ ਤਾਰਨ ਦੇ ਸਿੱਧੂ ਫਾਰਮ ਵਿਖੇ ਪਿੰਡ ਠੱਠੀਆਂ ਮਹੰਤਾਂ ਦੇ ਸਰਪੰਚ ਹਰਬਰਿੰਦਰ ਸਿੰਘ ਸਿੰਘ ਦੇ ਕਤਲ ਮਾਮਲੇ ਵਿਚ ਲੋੜੀਂਦੇ ਦੋ ਗੈਂਗਸਟਰਾਂ ਦਾ ਤਰਨ ਤਾਰਨ ਪੁਲਿਸ ਵਲੋਂ ਉਸ ਸਮੇਂ ਐਨਕਾਊਾਟਰ ਕਰ ਦਿੱਤਾ ਗਿਆ ਜਦ ਇਨ੍ਹਾਂ ਨੂੰ ਰੋਕਣ 'ਤੇ ਗੈਂਗਸਟਰਾਂ ਵਲੋਂ ਪੁਲਿਸ 'ਤੇ ਗੋਲੀਬਾਰੀ ਕਰ ਦਿੱਤੀ ਗਈ | ਦੋਵਾਂ ਗੈਂਗਸਟਰਾਂ ਦੀ ਲੱਤ ਅਤੇ ਗੋਡੇ ਵਿਚ ਗੋਲੀ ਲੱਗੀ ਹੈ, ਜਿੰਨਾਂ ਨੂੰ ਸਰਕਾਰੀ ਹਸਪਤਾਲ ਤਰਨ ਤਾਰਨ ਵਿਖੇ ਦਾਖ਼ਲ ਕਰਵਾਇਆ ਗਿਆ ਹੈ | ਪੁਲਿਸ ਨੇ ਇਨ੍ਹਾਂ ਦੋਵਾਂ ਗੈਂਗਸਟਰਾਂ ਪਾਸੋਂ ਦੋ ਪਿਸਤੌਲ ਬਰਾਮਦ ਹੋਣ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਨ ਤਾਰਨ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਬੀਤੇ ਦਿਨੀਂ ਤਰਨ ਤਾਰਨ ਦੇ ਸਿੱਧੂ ਫਾਰਮ ਵਿਖੇ ਵਿਆਹ ਦੇ ਇਕ ਸਮਾਗਮ ਵਿਚ ਸ਼ਾਮਿਲ ਹੋਣ ਪਹੁੰਚੇ ਪਿੰਡ ਠੱਠੀਆਂ ਮਹੰਤਾਂ ਦੇ 'ਆਪ' ਦੇ ਸਰਪੰਚ ਹਰਬਰਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦਕਿ ਉਨ੍ਹਾਂ ਦੇ ਚਾਚੇ ਦੇ ਲੜਕੇ ਜਰਮਨਜੀਤ ਸਿੰਘ ਨੂੰ ਵੀ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਤਲਾਂ ਨੂੰ ਫੜਨ ਲਈ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਦੇ ਨਿਰਦੇਸ਼ਾਂ ਤਹਿਤ ਥਾਣਾ ਸਰਹਾਲੀ, ਸੀ.ਆਈ.ਏ. ਸਟਾਫ਼ ਅਤੇ ਏ.ਜੀ.ਟੀ.ਐਫ. ਦੀ ਟੀਮ ਵਲੋਂ ਵੱਖ-ਵੱਖ ਜਗ੍ਹਾ ਤੇ ਛਾਪੇਮਾਰੀ ਕੀਤੀ ਜਾ ਰਹੀ ਸੀ | ਇਸ ਦੌਰਾਨ ਪੁਲਿਸ ਪਾਰਟੀ ਜਦ ਪਿੰਡ ਨੌਸ਼ਹਿਰਾ ਪੰਨੂੰਆ ਦੇ ਸੂਏ 'ਤੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਪੁਲਿਸ ਨੇ ਜਦ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ 'ਤੇ ਗੋਲੀ ਚਲਾ ਦਿੱਤੀ | ਜਵਾਬੀ ਕਾਰਵਾਈ ਵਿਚ ਵੀ ਪੁਲਿਸ ਵਲੋਂ ਉਕਤ ਮੋਟਰਸਾਈਕਲ ਸਵਾਰਾਂ 'ਤੇ ਗੋਲੀ ਚਲਾਈ | ਇਸ ਨਾਲ ਉਕਤ ਮੋਟਰਸਾਈਕਲ ਸਵਾਰਾਂ ਵਿਚੋਂ ਇਕ ਨੌਜਵਾਨ ਦੀ ਲੱਤ ਅਤੇ ਦੂਜੇ ਨੌਜਵਾਨ ਦੇ ਗੋਡੇ 'ਤੇ ਗੋਲੀ ਲੱਗੀ | ਦੋਵੇਂ ਨੌਜਵਾਨਾਂ ਨੂੰ ਜ਼ਖ਼ਮੀ ਹਾਲਤ ਵਿਚ ਕਾਬੂ ਕਰਕੇ ਤਰਨ ਤਾਰਨ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾ ਕੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਸ਼ਰਨਪ੍ਰੀਤ ਸਿੰਘ ਵਾਸੀ ਚੋਹਲਾ ਸਾਹਿਬ ਅਤੇ ਹਰਦੀਪ ਸਿੰਘ ਵਾਸੀ ਚੋਹਲਾ ਸਾਹਿਬ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਕੋਲੋਂ ਪੁਲਿਸ ਨੇ ਦੋ ਪਿਸਟਲ ਵੀ ਬਰਾਮਦ ਕੀਤੇ ਹਨ ਅਤੇ ਪਤਾ ਲੱਗਾ ਹੈ ਕਿ ਸਰਪੰਚ ਹਰਬਰਿੰਦਰ ਸਿੰਘ ਕਤਲ ਕਾਂਡ ਦੇ ਮਾਮਲੇ ਵਿਚ ਗਿ੍ਫ਼ਤਾਰ ਕੀਤਾ ਗਿਆ ਸ਼ਰਨਪ੍ਰੀਤ ਸਿੰਘ ਮੁੱਖ ਦੋਸ਼ੀਆਂ ਵਿਚ ਸ਼ਾਮਿਲ ਸੀ, ਜਿਹੜਾ ਕਿ ਉਸ ਸਮੇਂ ਸ਼ੂਟਰਾਂ ਨਾਲ ਮੌਜੂਦ ਸੀ | ਉਨ੍ਹਾਂ ਕਿਹਾ ਕਿ ਸ਼ਰਨਪ੍ਰੀਤ ਸਿੰਘ ਕੋਲੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਵੇਗਾ ਕਿ ਸਰਪੰਚ ਹਰਬਰਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਵਿਅਕਤੀ ਕੌਣ ਸਨ |
ਸਰਪੰਚ ਹਰਬਰਿੰਦਰ ਸਿੰਘ ਦੇ ਕਤਲ ਦੇ ਮਾਮਲੇ ਵਿਚ ਲੋੜੀਂਦੇ ਦੋ ਗੈਂਗਸਟਰਾਂ ਦਾ ਪੁਲਿਸ ਵਲੋਂ ਐਨਕਾਊਾਟਰ <br/>
ਅਜੀਤ ਡੈਸਕ
23-02-2026