ਤਰਨ ਤਾਰਨ, 22 ਫਰਵਰੀ (ਇਕਬਾਲ ਸਿੰਘ ਸੋਢੀ)-ਵਰਤਮਾਨ ਸਮੇਂ 'ਚ ਨਾਲਾਇਕ ਬੰਦੇ ਝੂਠ ਦੀ ਰਾਜਨੀਤੀ ਰਾਹੀਂ ਲੀਡਰ ਬਣ ਰਹੇ ਹਨ | ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਨੌਜਵਾਨ ਗੈਂਗਸਟਰਵਾਦ, ਨਸ਼ੇ ਅਤੇ ਸਿਆਸੀ ਧਿਰ ਸ਼ਾਮਿਲ ਹੋ ਕੇ ਭਾਈਚਾਰੇ ਤੋਂ ਭਰਾ ਮਾਰੂ ਝੂਠੀ ਚੌਧਰ ਵਿਚ ਫਸ ਕੇ ਮਰ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਸੁਖਦੇਵ ਸਿੰਘ ਜਵੰਦਾ ਨੇ ਨੌਜਵਾਨਾਂ ਦੀ ਭਰਵੀਂ ਮੀਟਿੰਗ ਪਿੰਡ ਜਵੰਦਾ ਵਿਚ ਕੀਤਾ | ਲੀਡਰ ਸਾਡੇ ਹੀਰੇ ਵਰਗੇ ਨੌਜਵਾਨਾਂ ਦੇ ਸਿਵਿਆਂ 'ਤੇ ਮਗਰਮੱਛ ਦੇ ਹੰਝੂ ਵਹਾਅ ਕੇ ਮਾਪਿਆਂ ਨੂੰ ਝੂਠੇ ਹੌਂਸਲੇ ਦਿੰਦੇ ਹਨ ਅਤੇ ਮੌਤ 'ਤੇ ਫਰਜੀ ਸ਼ਰਧਾਂਜਲੀਆਂ ਭੇਂਟ ਕਰਦੇ ਹਨ | ਸਾਡੇ ਨੌਜਵਾਨਾਂ ਨੂੰ ਸੁਚੇਤ ਹੋ ਕੇ ਸਾਡੇ ਪੁਰਾਤਨ ਸ਼ਹੀਦਾਂ, ਦੇਸ਼ ਭਗਤਾਂ ਅਤੇ ਲੋਕ ਨਾਇਕਾਂ ਦੀ ਵਿਚਾਰਧਾਰਾ ਨੂੰ ਅਪਨਾਉਣਾ ਚਾਹੀਦਾ ਹੈ, ਸਾਨੂੰ ਆਪਸ ਵਿਚ ਲੜਨ ਦੀ ਬਜਾਇ ਬੇਰੁਜ਼ਗਾਰੀ, ਨਸ਼ੇ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਲੜਦਿਆਂ ਅਸਲ ਦੁਸ਼ਮਣ ਨੂੰ ਪਛਾਣ ਕੇ ਸੁਚੇਤ ਰਹਿ ਕੇ ਸ਼ੰਘਰਸ਼ਸ਼ੀਲ ਰਹਿਣਾ ਚਾਹੀਦਾ ਹੈ | ਇਸ ਮੌਕੇ ਮੰਗਲ ਸਿੰਘ, ਸਰਿੰਦਰ ਸਿੰਘ, ਸਾਹਿਬ ਸਿੰਘ, ਸੁਖਦੇਵ ਸਿੰਘ, ਮੈਂਬਰ ਰੇਸ਼ਮ ਸਿੰਘ ਆਦਿ ਨੇ ਵੀ ਵਿਚਾਰ ਪੇਸ਼ ਕੀਤੇ |
ਝੂਠ ਦੀ ਰਾਜਨੀਤੀ ਤੋਂ ਨੌਜਵਾਨ ਰਹਿਣ ਸੁਚੇਤ-ਜਵੰਦਾ
ਅਜੀਤ ਡੈਸਕ
23-02-2026