ਤਰਨ ਤਾਰਨ, 23 ਫਰਵਰੀ (ਇਕਬਾਲ ਸਿੰਘ ਸੋਢੀ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਇਕ ਵਿਅਕਤੀ ਦੇ ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਉਸ ਵਲੋਂ ਆਪਣੀ ਪ੍ਰੇਮਿਕਾ ਨਾਲ ਆਪਣੀ ਪਤਨੀ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਦਰ ਤਰਨ ਤਾਰਨ ਵਿਖੇ ਬਲਜੀਤ ਕੌਰ ਪਤਨੀ ਗੋਬਿੰਦ ਸਿੰਘ ਵਾਸੀ ਨਵਾਂ ਪਿੰਡ ਡਾਲੇਕੇ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦੇ ਪਿੰਡ ਦੀ ਲੜਕੀ ਗੁਰਜੀਤ ਕੌਰ ਦੇ ਉਸਦੇ ਪਤੀ ਗੋਬਿੰਦ ਸਿੰਘ ਦੇ ਨਾਲ ਨਾਜਾਇਜ਼ ਸੰਬੰਧ ਹਨ | ਲੜਕੀ ਗੁਰਜੀਤ ਕੌਰ ਅਤੇ ਇਸਦੇ ਪਰਿਵਾਰ ਨੂੰ ਪਹਿਲਾਂ ਵੀ ਕਈ ਵਾਰ ਸਮਝਾਇਆ ਸੀ ਕਿ ਤੁਸੀਂ ਆਪਣੀ ਲੜਕੀ ਨੂੰ ਸਮਝਾ ਲਉ ਕਿ ਮੇਰੀ ਤੇ ਮੇਰੇ ਛੋਟੇ-ਛੋਟੇ ਬੱਚਿਆਂ ਦੀ ਇਸ ਨਾਲ ਜਿੰਦਗੀ ਖ਼ਰਾਬ ਹੋ ਰਹੀ ਹੈ ਦੇ ਬਾਵਜੂਦ ਗੁਰਜੀਤ ਕੌਰ ਅਤੇ ਉਸਦੇ ਪਰਿਵਾਰ ਨੇ ਮੇਰੀ ਖਿਲਾਫਤ ਕਰਦੇ ਹਨ | 19 ਫਰਵਰੀ ਨੂੰ ਉਸਦਾ ਪਤੀ ਗੋਬਿੰਦ ਸਿੰਘ ਗੁਰਜੀਤ ਕੌਰ ਨੂੰ ਘਰ ਲੈ ਆਇਆ ਤੇ ਕਹਿੰਦਾ ਕਿ ਅੱਜ ਤੋਂ ਇਸ ਨੂੰ ਇਸ ਘਰ ਵਿਚ ਹੀ ਰੱਖਣਾ ਹੈ ਤਾਂ ਉਸ ਵਲੋਂ ਅਜਿਹਾ ਕਰਨ ਤੋਂ ਰੋਕਿਆ ਤਾਂ ਉਸਦੇ ਪਤੀ ਗੋਬਿੰਦ ਸਿੰਘ ਤੇ ਲੜਕੀ ਗੁਰਜੀਤ ਕੌਰ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਘਰ ਵਿਚੋਂ ਗਹਿਣੇ ਵੀ ਚੋਰੀ ਕਰ ਲਏ | ਜਾਂਚ ਅਧਿਕਾਰੀ ਏ.ਐੱਸ.ਆਈ. ਰਾਜਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਉਪਰੰਤ ਗੋਬਿੰਦ ਸਿੰਘ ਅਤੇ ਗੁਰਜੀਤ ਕੌਰ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |