ਤਰਨ ਤਾਰਨ, 23 ਫਰਵਰੀ (ਇਕਬਾਲ ਸਿੰਘ ਸੋਢੀ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰ 'ਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸਹਿਕਾਰੀ ਖੰਡ ਮਿੱਲ ਸੇਰੋਂ 'ਚ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ | ਦੱਸਣਯੋਗ ਹੈ ਕਿ ਕੱਲ੍ਹ ਅਚਾਨਕ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਹਿਕਾਰੀ ਖੰਡ ਮਿੱਲ ਸੇਰੋਂ 'ਚ ਉਸਾਰੀ ਸ਼ੁਰੂ ਕਰ ਦਿੱਤੀ ਗਈ ਸੀ, ਜਦੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਉਨ੍ਹਾਂ ਨੇ ਇਕੱਤਰ ਹੋ ਕੇ ਇਹ ਉਸਾਰੀ ਦਾ ਕੰਮ ਰੁਕਵਾਇਆ ਸੀ | ਸੰਯੁਕਤ ਮੋਰਚੇ ਦੇ ਆਗੂਆਂ ਨੇ ਬੋਲਦਿਆਂ ਹੋਇਆਂ ਕਿਹਾ ਕਿ ਅਸੀਂ ਕਿਸੇ ਵੀ ਕੀਮਤ 'ਤੇ ਸਰਕਾਰੀ ਖੰਡ ਮਿਲ ਸੇਰੋਂ ਨੂੰ ਬੰਦ ਨਹੀਂ ਹੋਣ ਦਿਆਂਗੇ, ਇਸ ਨੂੰ ਹਰ ਹਾਲਤ ਵਿਚ ਚਾਲੂ ਕਰਵਾਇਆ ਜਾਵੇਗਾ | ਸਰਕਾਰ ਨੂੰ ਕੋਈ ਹੱਕ ਨਹੀਂ ਕਿ ਉਹ ਕਿਸਾਨਾਂ ਦੀ ਰੋਟੀ ਰੋਜ਼ੀ ਨੂੰ ਇਸ ਤਰ੍ਹਾਂ ਧੱਕੇਸ਼ਾਹੀ ਨਾਲ ਉਨ੍ਹਾਂ ਕੋਲੋਂ ਖੋਵੇ ਇਸ ਸਹਿਕਾਰੀ ਮਿੱਲ 'ਚ ਕਿਸਾਨਾਂ ਦੇ ਸ਼ੇਅਰ ਸਨ ਅਤੇ ਸਰਕਾਰਾਂ ਵਲੋਂ ਪਹਿਲਾਂ 2015 'ਚ ਇਹੀ ਜ਼ਮੀਨ ਫੂਡ ਸਪਲਾਈ ਵਿਭਾਗ ਤੇ ਹੁਣ ਨਵੰਬਰ 2025 'ਚ ਕੈਬਨਿਟ ਵਲੋਂ ਵੱਖ-ਵੱਖ ਅਦਾਰਿਆਂ ਨੂੰ ਅਲਾਟ ਕਰ ਦਿੱਤੀ ਗਈ | ਕਿਸਾਨ ਆਗੂਆਂ ਨੇ ਇਸ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਪਣੀ ਮਨਮਰਜ਼ੀ ਨਾਲ ਜ਼ਮੀਨ ਨੂੰ ਵੰਡਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਪੰਜਾਬ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕਿਸਾਨਾਂ ਨਾਲ ਸਮਾਂ ਰਹਿੰਦਿਆਂ ਗੱਲ ਨਾ ਕੀਤੀ ਤਾਂ ਸਰਕਾਰ ਨੂੰ ਜ਼ਰੂਰ ਆਉਣ ਵਾਲੇ ਸਮੇਂ ਵਿਚ ਇਸ ਦੇ ਨਤੀਜੇ ਭੁਗਤਨੇ ਪੈਣਗੇ | ਇਸ ਮੌਕੇ ਮਹਾਂਵੀਰ ਸਿੰਘ ਗਿੱਲ, ਗੁਰਪ੍ਰੀਤ ਸਿੰਘ, ਪੂਰਨ ਸਿੰਘ ਮਾੜੀ ਮੇਘਾ, ਜੱਸਾ ਸਿੰਘ ਕੱਦਗਿੱਲ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਟਾਂਡਾ ਅਮੋਲਕ ਸਿੰਘ, ਕਮੇਟੀ ਏਕਤਾ ਪੰਜਾਬ ਰੇਸ਼ਮ ਸਿੰਘ ਫੈਲੋਕੇ, ਮਨਜੀਤ ਸਿੰਘ ਬੱਗੂ ਜਮਹੂਰੀ ਕਿਸਾਨ ਸਭਾ, ਗੁਰਬਚਨ ਸਿੰਘ ਘੜਕਾ ਕਿਸਾਨ ਸੰਘਰਸ਼ ਕਮੇਟੀ ਪੰਨੂੰ, ਗੁਰਸਾਹਿਬ ਸਿੰਘ ਡੱਲ, ਮਾ. ਭੁਪਿੰਦਰ ਸਿੰਘ ਬੀ. ਕੇ. ਯੂ. ਕਾਦੀਆਂ, ਸੂਬੇਦਾਰ ਤਾਰਾ ਸਿੰਘ, ਸੁਖਚੈਨ ਸਿੰਘ ਸਰਹਾਲੀ ਖੁਰਦ, ਗੁਰਪ੍ਰਤਾਪ ਸਿੰਘ, ਸਰਦਾਰਾ ਸਿੰਘ ਸਖੀਰਾ ਆਦਿ ਕਿਸਾਨ ਆਗੂਆਂ ਨੇ ਇਸ ਮੌਕੇ ਸੰਬੋਧਨ ਕੀਤਾ | ਇਹ ਦਿਨ ਰਾਤ ਮੋਰਚਾ ਉਨੀ ਦੇਰ ਜਾਰੀ ਰਹੇਗਾ, ਜਦੋਂ ਤੱਕ ਪੰਜਾਬ ਸਰਕਾਰ ਆਪਣੇ ਇਸ ਕਿਸਾਨ ਵਿਰੋਧੀ ਤੇ ਲੋਕ ਵਿਰੋਧੀ ਫੈਸਲੇ ਨੂੰ ਵਾਪਸ ਨਹੀਂ ਲੈਂਦੀ |