ਝਬਾਲ, 23 ਫਰਵਰੀ (ਸਰਬਜੀਤ ਸਿੰਘ)-ਕਾਂਗਰਸ ਪਾਰਟੀ ਵਲੋਂ 28 ਫਰਵਰੀ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਰੈਲੀ 'ਚ ਪਹੁੰਚ ਰਹੇ ਰਾਹੁਲ ਗਾਂਧੀ ਦੇ ਵਿਚਾਰ ਜਾਣਨ ਲਈ ਤਰਨ ਤਾਰਨ ਹਲਕੇ ਤੋਂ ਕਾਂਗਰਸ ਦੇ ਸੀਨੀਅਰ ਆਗੂ ਕਰਨਵੀਰ ਸਿੰਘ ਬੁਰਜ ਦੀ ਅਗਵਾਈ ਹੇਠ ਵਰਕਰਾਂ ਦਾ ਵੱਡਾ ਕਾਫਲਾ ਰਵਾਨਾ ਹੋਵੇਗਾ | ਇਹ ਜਾਣਕਾਰੀ ਸਾਬਕਾ ਸਰਪੰਚ ਤੇ ਸੀਨੀਅਰ ਕਾਂਗਰਸੀ ਆਗੂ ਸਾਬਕਾ ਬਲਾਕ ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾ ਤੇ ਬੂਟਾ ਸਿੰਘ ਚਾਹਲ ਨੇ ਗੱਲਬਾਤ ਦੌਰਾਨ ਦਿੰਦਿਆਂ ਆਖਿਆ ਕਿ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਪਿਛਲੇ ਸਮੇਂ ਦੌਰਾਨ ਹੋਈ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਬਣੇ ਕਰਨਬੀਰ ਸਿੰਘ ਬੁਰਜ ਵਲੋਂ ਹਲਕੇ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਹਲਕੇ ਵਿਚ ਕਾਂਗਰਸ ਨੂੰ ਵੱਡੀ ਮਜ਼ਬੂਤੀ ਮਿਲ ਚੁੱਕੀ ਹੈ | ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਦੇ ਆਦੇਸ਼ਾਂ ਮੁਤਾਬਿਕ ਕਰਨਬੀਰ ਸਿੰਘ ਬੁਰਜ ਵਲੋਂ ਹਲਕੇ ਵਿਚ ਪਿੰਡ ਪੱਧਰ 'ਤੇ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਲੋਕਾਂ ਦੇ ਦੁੱਖ ਸੁੱਖ ਵਿਚ ਸ਼ਾਮਿਲ ਹੋਣ ਤੋਂ ਇਲਾਵਾ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਾਉਣ ਦੇ ਕੀਤੇ ਜਾ ਰਹੇ ਯਤਨਾਂ ਨਾਲ ਕਾਂਗਰਸ ਨੂੰ ਵੱਡੀ ਮਜਬੂਤੀ ਮਿਲੀ ਹੈ, ਜੋ ਬਹੁਤ ਹੀ ਸ਼ਲਾਘਾਯੋਗ ਹਨ | ਇਸ ਮੌਕੇ ਉਨ੍ਹਾਂ ਦੇ ਨਾਲ ਹੋਰ ਵੀ ਵੱਖ-ਵੱਖ ਕਾਂਗਰਸੀ ਵਰਕਰ ਹਾਜ਼ਰ ਸਨ |