ਤਰਨ ਤਾਰਨ, 26 ਫਰਵਰੀ (ਇਕਬਾਲ ਸਿੰਘ ਸੋਢੀ)-ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਮਾਨਸਿਕ ਤੰਦਰੁਸਤੀ ਵਿਚ ਵਾਧਾ ਕਰਨ ਲਈ ਭਾਰਤ ਸਰਕਾਰ ਨੇ 10 ਅਕਤੂਬਰ 2022 ਨੂੰ ਟੈਲੀ-ਮਾਨਸ ਪ੍ਰਾਜੈਕਟ ਸ਼ੁਰੂ ਕੀਤਾ ਸੀ | ਟੈਲੀ-ਮਾਨਸ ਇਕ ਟੋਲ ਫਰੀ ਹੈਲਪਲਾਈਨ ਜੋ ਪੂਰੇ ਭਾਰਤ ਵਿਚ ਮੁਫ਼ਤ ਮਾਨਸਿਕ ਸਿਹਤ ਸਲਾਹ ਪ੍ਰਦਾਨ ਕਰਦੀ ਹੈ | ਇਹ 20ਤੋਂ ਵੱਧ ਭਾਸ਼ਾਵਾਂ ਵਿਚ ਉਪਲਬੱਧ ਹੈ | ਉਪਭੋਗਤਾ ਟੋਲ ਫਰੀ ਹੈਲਪਲਾਈਨ ਨੰਬਰ 18008914416 ਜਾਂ 14416 ਰਾਹੀਂ ਟੈਲੀ-ਮਾਨਸ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ | ਇਹ ਜਾਣਕਾਰੀ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦਿੰਦਿਆਂ ਕਿਹਾ ਕਿ ਟੈਲੀ-ਮਾਨਸ ਉਪਭੋਗਤਾ ਘਰ ਬੈਠੇ ਆਪਣੇ ਫੋਨ 'ਤੇ ਇਸ ਸੇਵਾ ਦਾ ਅਸਾਨੀ ਨਾਲ ਲਾਭ ਉਠਾ ਸਕਦੇ ਹਨ | ਕਾਲਰ/ਮਰੀਜ਼ ਦੀ ਸਾਰੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ | ਟੈਲੀ-ਮਾਨਸ ਦੀ ਆਪਣੀ ਇਕ ਮੋਬਾਈਲ ਐਪ ਹੈ, ਜਿਸ ਵਿਚ ਕਈ ਤਰ੍ਹਾਂ ਦੇ ਮੁੱਦਿਆਂ ਜਿਵੇਂ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਚਿੰਤਾ, ਪ੍ਰੀਖਿਆ, ਤਣਾਅ, ਡਿਪਰੈਸ਼ਨ, ਵਿੱਤੀ ਤਣਾਅ, ਸੰਕਟ ਪ੍ਰਬੰਧਨ ਅਤੇ ਪਰਿਵਾਰਕ ਮੁੱਦਿਆਂ ਬਾਰੇ ਸਲਾਹ-ਮਸ਼ਵਰਾ ਕਾਲ 'ਤੇ ਪ੍ਰਦਾਨ ਕੀਤਾ ਜਾਂਦਾ ਹੈ | ਟੈਲੀ-ਮਾਨਸ ਪੰਜਾਬ ਇਸ ਸਾਲ 35 ਹਜ਼ਾਰ ਤੋਂ ਵੱਧ ਕਾਲਾਂ ਦੇ ਮੀਲ ਪੱਥਰ 'ਤੇ ਪਹੁੰਚ ਗਿਆ ਹੈ | ਟੈਲੀ-ਮਾਨਸ ਦੇ ਉਪਭੋਗਤਾ ਆਪਣੀ ਮਾਨਸਿਕ ਸਿਹਤ ਸਬੰਧੀ ਚਿੰਤਾਵਾਂ ਦੇ ਅਨੁਸਾਰ ਸਲਾਹਕਾਰਾਂ, ਸਮਾਜ ਸੇਵਕਾਂ ਅਤੇ ਮਨੋਵਿਗਿਆਨੀ ਨਾਲ ਜੁੜ ਸਕਦੇ ਹਨ | ਟੈਲੀ-ਮਾਨਸ ਲੋੜ ਪੈਣ 'ਤੇ ਵਿਅਕਤੀਗਤ ਤੌਰ ਤੇ ਸੇਵਾਵਾਂ ਵੀ ਪ੍ਰਦਾਨ ਕਰਦਾ ਹੈ | ਇਸ ਵੀਡੀਓ ਕਾਲ ਰਾਹੀਂ ਦਵਾਈ ਬਾਰੇ ਵੀ ਜਾਣਕਾਰੀ ਲਈ ਜਾ ਸਕਦੀ ਹੈ |