ਤਰਨ ਤਾਰਨ, 26 ਫਰਵਰੀ (ਹਰਿੰਦਰ ਸਿੰਘ)-ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਗੁਰਦਾਸਪੁਰ ਜ਼ਿਲ੍ਹੇ ਅੰਦਰ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਤੋਂ ਬਾਅਦ ਨੌਜਵਾਨ ਦੇ ਹੋਏ ਝੂਠੇ ਮੁਕਾਬਲੇ ਦੀ ਪੰਜਾਬ ਐੱਡ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿਚ ਸਿਓ ਮੋਟੋ ਲੈ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਖਾਲ਼ੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਅਹੁਦੇਦਾਰਾਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਸਤਵਿੰਦਰ ਸਿੰਘ ਪਲਾਸੌਰ, ਵਿਰਸਾ ਸਿੰਘ ਬਹਿਲਾ, ਬੌਬੀ ਕੁਮਾਰ, ਦਲਬੀਰ ਸਿੰਘ ਭੀਲੋਵਾਲ, ਹਰਮਨਦੀਪ ਸਿੰਘ ਸਰਹਾਲੀ ਨੇ ਦੱਸਿਆ ਕਿ ਪੰਜਾਬ ਅੰਦਰ ਸੰਵਿਧਾਨ ਕਾਨੂੰਨ ਦੀਆਂ ਧੱਜੀਆਂ ਉਡਾਕੇ ਝੂਠੇ ਮੁਕਾਬਲਿਆਂ ਦਾ ਸਿਲਸਿਲਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਦੁੱਖ ਦੀ ਗੱਲ ਹੈ ਕਿ ਰਾਜ ਭਾਗ 'ਤੇ ਕਾਬਜ਼ ਹੋਣ ਵਾਲੀਆਂ ਸਾਰੀਆਂ ਧਿਰਾਂ ਝੂਠੇ ਮੁਕਾਬਲਿਆਂ ਨੂੰ ਜਾਇਜ਼ ਠਹਿਰਾ ਰਹੀਆਂ ਹਨ | ਸਿੱਖ ਪੰਥ ਤਾਂ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਫੌਜੀ ਹਮਲੇ ਸਮੇਂ ਕੀਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦੀ ਪੜ੍ਹਤਾਲ ਮੰਗ ਕਰ ਰਿਹਾ ਹੈ | ਪੰਜਾਬ ਦੇ ਚੱਪੇ-ਚੱਪੇ 'ਤੇ ਹੋਏ 25 ਹਜ਼ਾਰ ਨਿਰਦੋਸ਼ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿਖ ਖਤਮ ਕਰਕੇ ਉਨ੍ਹਾਂ ਦੀਆਂ ਮਿ੍ਤਕ ਦੇਹਾਂ ਨੂੰ ਲਾਵਾਰਸ ਤੇ ਅਣਪਛਾਤਿਆਂ ਕਰਾਰ ਦੇ ਕੇ ਕੀਤੇ ਸਸਕਾਰਾਂ ਦੀ ਪੜ੍ਹਤਾਲ ਮੰਗ ਰਿਹਾ ਹੈ ਪਰ ਅਫਸੋਸ ਕਿ ਸਰਕਾਰਾਂ ਬਦਲੀਆਂ, ਪਰ ਝੂਠੇ ਮੁਕਾਬਲਿਆਂ ਦਾ ਸਿਲਸਿਲਾ ਨਹੀਂ ਬਦਲਿਆ ਅਤੇ ਨਾ ਹੀ ਝੂਠੇ ਮੁਕਾਬਲਿਆਂ ਦੀਆਂ ਝੂਠੀਆਂ ਕਹਾਣੀਆਂ ਬਦਲੀਆਂ ਹਨ | ਉਨ੍ਹਾਂ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਅੰਦਰ ਆਈਆਂ ਖ਼ਬਰਾਂ ਮੁਤਾਬਕ ਏ.ਐੱਸ.ਆਈ. ਗੁਰਨਾਮ ਸਿੰਘ ਤੇ ਹੋਮਗਾਰਡ ਦੇ ਜਵਾਨ ਅਸ਼ੋਕ ਕੁਮਾਰ ਮਿ੍ਤਕ ਪਾਏ ਗਏ ਸਨ | ਸੂਬੇ ਦੇ ਮੁੱਖ ਮੰਤਰੀ ਨੇ ਪਹਿਲਾਂ ਕਿਹਾ ਕਿ ਇਹ ਘਟਨਾ ਆਪਸੀ ਤਕਰਾਰ ਦਾ ਸਿੱਟਾ ਲੱਗਦੀ ਹੈ | ਬਾਅਦ ਵਿਚ ਫਿਰ ਮੁੱਖ ਮੰਤਰੀ ਨੇ ਬਿਆਨ ਦੇ ਦਿੱਤਾ ਕਿ ਪਾਕਿਸਤਾਨ ਦੀ ਆਈ.ਐੱਸ.ਆਈ. ਨੇ ਇਹ ਕਾਰਾ ਨੌਜਵਾਨਾਂ ਕੋਲੋਂ ਕਰਵਾਇਆ ਹੈ | ਪੰਜਾਬ ਦੀ ਪੁਲਿਸ ਵਲੋਂ ਡੀ.ਆਈ.ਜੀ. ਸੰਦੀਪ ਗੋਇਲ ਨੇ ਦੱਸਿਆ ਹੈ ਕਿ ਪੁਲਿਸ ਨੇ ਕੇਸ ਹੱਲ ਕਰ ਲਿਆ ਹੈ | ਕੁਝ ਘੰਟਿਆਂ ਵਿਚ ਹੀ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਆਈ.ਐੱਸ.ਆਈ. ਨੇ ਤਿੰਨ ਨੌਜਵਾਨਾਂ ਨੂੰ 4 ਲੱਖ ਰੁਪਏ ਦੇਣੇ ਸਨ | ਪੁਲਿਸ ਨੇ ਰਣਜੀਤ ਸਿੰਘ, ਦਿਲਾਵਰ ਸਿੰਘ ਜਿਨ੍ਹਾਂ ਦੀ ਉਮਰ 19 ਕੁ ਸਾਲ ਨੂੰ ਗਿ੍ਫ਼ਤਾਰ ਕਰਕੇ ਥਾਣੇ ਖੜਿਆ | ਬਾਅਦ ਵਿਚ ਪਹਿਲਾਂ ਵਾਂਗ ਹੀ ਘੜੀ ਗਈ ਕਹਾਣੀ ਮੁਤਾਬਿਕ ਜਦੋਂ ਰਣਜੀਤ ਸਿੰਘ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ ਤਾਂ ਪੁਲਿਸ ਦੀ ਗੱਡੀ ਉਲਟ ਗਈ ਅਤੇ ਰਣਜੀਤ ਸਿੰਘ ਫਰਾਰ ਹੋ ਗਿਆ | ਬਾਅਦ ਵਿਚ ਪੁਲਿਸ ਨੇ ਰਣਜੀਤ ਸਿੰਘ ਨੂੰ ਮੋਟਰਸਾਈਕਲ 'ਤੇ ਆਉਂਦਿਆਂ ਵੇਖਿਆ ਅਤੇ ਗੋਲੀਆਂ ਚੱਲੀਆਂ ਜਿਸ ਦੌਰਾਨ ਰਣਜੀਤ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ. ਜਿਥੇ ਉਹ ਮਰ ਗਿਆ | ਉਨ੍ਹਾਂ ਕਿਹਾ ਡੀ.ਆਈ.ਜੀ. ਸੰਦੀਪ ਗੋਇਲ ਨੇ ਕਿਹਾ ਕਿ ਪੁਲਿਸ ਮੁਲਾਜਮ ਦੇ ਵੀ ਗੋਲੀ ਲੱਗੀ ਹੈ ਪਰ ਪਰਿਵਾਰ ਇਸ ਮੁਕਾਬਲੇ ਨੂੰ ਝੂਠਾ ਦੱਸ ਰਿਹਾ ਹੈ | ਉਨ੍ਹਾਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਪਾਸੋਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਸਿਓ ਮੋਟੋ ਲੈ ਕੇ ਗੁਰਦਾਸਪੁਰ ਅੰਦਰ ਹੋਏ ਝਧੂਠੇ ਮੁਕਾਬਲੇ ਹੀ ਨਹੀਂ ਸਗੋਂ ਭਗਵੰਤ ਮਾਨ ਸਰਕਾਰ ਦੀ ਸਰਕਾਰ ਹੋਂਦ ਵਿਚ ਆਉਣ ਤੋਂ ਬਾਅਦ ਹੋਏ ਝੂਠੇ ਮੁਕਾਬਲਿਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਪਰਿਵਾਰ ਨੂੰ ਇਨਸਾਫ ਮਿਲ ਸਕੇ |