ਤਰਨ ਤਾਰਨ, 2 ਮਾਰਚ (ਪਰਮਜੀਤ ਜੋਸ਼ੀ)-ਤਰਨ ਤਾਰਨ ਸ਼ਹਿਰ ਵਿਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ, ਜਿਸ ਕਾਰਨ ਟ੍ਰੈਫਿਕ ਸਮੱਸਿਆ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਲੋਕ ਪ੍ਰੇਸ਼ਾਨ ਹੋ ਰਹੇ ਹਨ ਪਰ ਟ੍ਰੈਫਿਕ ਪੁਲਿਸ ਅਤੇ ਨਗਰ ਕੌਂਸਲ ਵਲੋਂ ਇਸ ਤਰਫ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਇਹ ਸਮੱਸਿਆ ਹੋਰ ਗੰਭੀਰ ਹੁੰਦੀ ਜਾ ਰਹੀ ਹੈ | ਟ੍ਰੈਫਿਕ ਪੁਲਿਸ ਸਿਰਫ ਲੋਕਾਂ ਦੇ ਚਲਾਨ ਕੱਟਣ ਤੱਕ ਸੀਮਤ ਹੋ ਕੇ ਰਹਿ ਗਈ ਹੈ ਅਤੇ ਟ੍ਰੈਫਿਕ ਰੱਬ ਆਸਰੇ ਚੱਲ ਰਹੀ ਹੈ, ਉੱਥੇ ਲੋਕਾਂ ਦੇ ਬਿਨਾਂ ਵਜ੍ਹਾ ਈ-ਚਲਾਨ ਕੱਟ ਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਕੁਝ ਕੁ ਥਾਵਾਂ 'ਤੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਤਾਇਨਾਤ ਹਨ, ਪਰ ਜਿਆਦਾਤਰ ਸ਼ਹਿਰ ਦੇ ਚੌਕਾਂ ਵਿਚ ਟ੍ਰੈਫਿਕ ਮੁਲਾਜ਼ਮ ਤਾਇਨਾਤ ਨਹੀਂ ਹਨ | ਦੇਖਣ ਵਿਚ ਆਇਆ ਹੈ ਕਿ ਤਰਨ ਤਾਰਨ ਸ਼ਹਿਰ ਦੀਆਂ ਸੜਕਾਂ ਦੇ ਫੁੱਟਪਾਥਾਂ ਅਤੇ ਵੱਖ-ਵੱਖ ਬਾਜ਼ਾਰਾਂ 'ਚ ਦੁਕਾਨਦਾਰਾਂ ਵਲੋਂ ਵੱਡੀ ਪੱਧਰ 'ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਸ ਕਾਰਨ ਬਾਜ਼ਾਰਾਂ 'ਚੋਂ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ ਅਤੇ ਸ਼ਹਿਰ ਦੀਆਂ ਸੜਕਾਂ ਉਪਰ ਵਾਹਨਾਂ ਦੇ ਲੰਮੇ-ਲੰਮੇ ਜਾਮ ਲੱਗੇ ਦੇਖੇ ਜਾ ਸਕਦੇ ਹਨ | ਜੇਕਰ ਗੱਲ ਕਰੀਏ ਟ੍ਰੈਫਿਕ ਪੁਲਿਸ ਦੀ ਤਾਂ ਉਹ ਕਦੇ ਕਦਾਈ ਗੋਗਲੂਆਂ ਤੋਂ ਮਿੱਟੀ ਝਾੜਦੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਕਾਰਵਾਈ ਕਰਦੀ ਹੈ ਪਰ ਨਾਜਾਇਜ਼ ਕਬਜ਼ਾਧਾਰੀਆਂ ਖਿਲਾਫ਼ ਠੋਸ ਕਾਰਵਾਈ ਨਾ ਕਰਨ ਕਾਰਨ ਮੁਲਾਜ਼ਮਾਂ ਦੇ ਜਾਣ ਤੋਂ ਬਾਅਦ ਦੁਕਾਨਦਰ ਫਿਰ ਨਾਜਾਇਜ਼ ਕਬਜ਼ੇ ਕਰ ਲੈਂਦੇ ਹਨ | ਸ਼ਹਿਰ ਦੇ ਮੁੱਖ ਬਾਜ਼ਾਰ ਅੱਡਾ ਬਾਜ਼ਾਰ, ਤਹਿਸੀਲ ਬਾਜ਼ਾਰ, ਬਖਸ਼ੀਬਾਗ ਬਾਜ਼ਾਰ, ਲੰਗਰ ਬਾਜ਼ਾਰ, ਨਵਾਂ ਬਾਜ਼ਾਰ, ਗਾਰਦ ਬਾਜ਼ਾਰ ਤੋਂ ਇਲਾਵਾ ਸ਼ਹਿਰ ਦੇ ਚਾਰ ਖੰਭਾ ਚੌਕ, ਤਹਿਸੀਲ ਚੌਕ, ਬੌਹੜੀ ਚੌਕ, ਰੇਲਵੇ ਰੋਡ ਵਾਲੀ ਸੜਕ, ਜੰਡਿਆਲਾ ਰੋਡ, ਅੰਮਿ੍ਤਸਰ ਬਾਈਪਾਸ ਤੋਂ ਸਰਹਾਲੀ ਰੋਡ ਤੱਕ ਦੁਕਾਨਦਾਰਾਂ ਅਤੇ ਰੇਹੜੀ ਚਾਲਕਾਂ ਵਲੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਸ ਕਾਰਨ ਸੜਕਾਂ ਦਾ ਰਸਤਾ ਤੰਗ ਹੋ ਰਿਹਾ ਹੈ ਅਤੇ ਲੰਘਣ ਵਾਲੇ ਵਾਹਨਾਂ ਦਾ ਲੰਮਾ ਜਾਮ ਲੱਗ ਜਾਂਦਾ ਹੈ, ਜੋ ਕਿ ਕਈ-ਕਈ ਚਿਰ ਲੱਗਾ ਰਹਿੰਦਾ ਹੈ ਅਤੇ ਲੋਕ ਜਾਮ ਵਿਚ ਫਸੇ ਰਹਿੰਦੇ ਹਨ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੁਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ ਨਾਜਾਇਜ਼ ਤੌਰ 'ਤੇ ਪ੍ਰਵਾਸੀ ਮਜ਼ਦੂਰਾਂ ਦੀਆਂ ਵੱਖ-ਵੱਖ ਖਾਣ ਪੀਣ ਵਾਲੀਆਂ ਚੀਜਾਂ ਜਿਨ੍ਹਾਂ ਵਿਚ ਫਾਸਟ ਫੂਡ, ਫਲ ਫਰੂਟ, ਗੋਲ ਗੱਪੇ, ਮੀਟ-ਮੱਛੀ ਵੇਚਣ ਵਾਲੀਆਂ ਰੇਹੜੀਆਂ ਲਗਵਾਈਆਂ ਹੋਈਆਂ ਹਨ ਜਿਨ੍ਹਾਂ ਪਾਸੋਂ ਦੁਕਾਨਦਾਰਾਂ ਵਲੋਂ 8 ਤੋਂ 10 ਹਜ਼ਾਰ ਰੁਪਏ ਮਹੀਨਾ ਵਸੂਲ ਕੀਤਾ ਜਾਂਦਾ ਹੈ | ਸ਼ਹਿਰ ਨਿਵਾਸੀਆਂ ਨੇ ਐੱਸ.ਐੱਸ.ਪੀ. ਸੁਰਿੰਦਰ ਲਾਂਬਾ, ਐੱਸ.ਪੀ.(ਟ੍ਰੈਫਿਕ) ਪਾਸੋਂ ਮੰਗ ਕੀਤੀ ਕਿ ਤਰਨ ਤਾਰਨ ਸ਼ਹਿਰ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ ਅਤੇ ਚਲਾਨ ਕੀਤੇ ਜਾਣ, ਉੱਥੇ ਟ੍ਰੈਫਿਕ ਸਮੱਸਿਆ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਪੁਲਿਸ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ |