ਤਰਨ ਤਾਰਨ, 2 ਮਾਰਚ (ਇਕਬਾਲ ਸਿੰਘ ਸੋਢੀ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਪਤੀ-ਪਤਨੀ ਪਾਸੋਂ ਲੁੱਟ-ਖੋਹ ਕਰਨ ਵਾਲੇ ਇਕ ਲੁਟੇਰੇ ਨੂੰ ਲੋਕਾਂ ਵਲੋਂ ਕਾਬੂ ਕਰ ਲਿਆ ਹੈ, ਜਦਕਿ ਇਕ ਲੁਟੇਰਾ ਫ਼ਰਾਰ ਹੈ | ਕਾਬੂ ਕੀਤੇ ਲੁਟੇਰੇ ਨੂੰ ਲੋਕਾਂ ਨੇ ਪੁਲਿਸ ਹਵਾਲੇ ਕਰ ਦਿੱਤਾ ਹੈ, ਜਿਨ੍ਹਾਂ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਦਰ ਤਰਨ ਤਾਰਨ ਵਿਖੇ ਕੁਲਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਦਿਲਾਵਲਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ 1 ਮਾਰਚ ਨੂੰ ਉਹ ਆਪਣੀ ਪਤਨੀ ਸੁਖਵਿੰਦਰ ਕੌਰ ਸਮੇਤ ਆਪਣੇ ਪਿੰਡ ਦਿਲਾਵਲਪੁਰ ਤੋਂ ਸੰਸਥਾ ਦਿਵਿਆ ਜੋਯਤੀ ਜਾਗਰਤੀ ਮੁਰਾਦਪੁਰ ਰੋਡ ਤਰਨ ਤਾਰਨ ਸਤਿਸੰਗ ਸੁਣਨ ਲਈ ਆਏ ਸੀ | ਸਤਿਸੰਗ ਸੁਣਨ ਤੋਂ ਬਾਅਦ ਸ਼ਹਿਰ ਤਰਨ ਤਾਰਨ ਵਿਚ ਹੋਰ ਆਪਣੇ ਨਿੱਜੀ ਕੰਮਕਾਰ ਕਰਨ ਉਪਰੰਤ ਆਪਣੇ ਪਿੰਡ ਦਿਲਾਵਲਪੁਰ ਨੂੰ ਆਪਣੇ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਸੀ ਤਾਂ ਉਸ ਦਾ ਪਿੱਛੇ ਉਨ੍ਹਾਂ ਦਾ ਰਿਸ਼ਤੇਦਾਰ ਬਲਵੰਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਤੱਖੂਚੱਕ ਵੀ ਜਾ ਰਿਹਾ ਸੀ ਤਾਂ ਜਦ ਉਹ ਮਾਝਾ ਕਾਲਜ ਦੇ ਸਾਹਮਣੇ ਸਬਵੇ ਹਾਈਵੇ 'ਤੇ ਕਰਾਸ ਕਰ ਰਹੇ ਸੀ ਤਾਂ ਪਿੱਛੋ ਦੋ ਨੌਜਵਾਨ ਅਪਾਚੀ ਮੋਟਰਸਾਈਕਲ ਬਿਨਾਂ ਨੰਬਰ 'ਤੇ ਸਵਾਰ ਹੋ ਕੇ ਆਏ ਜਿਨ੍ਹਾਂ 'ਚੋਂ ਪਿਛਲੇ ਵਿਅਕਤੀ ਨੇ ਆਪਣੇ ਹੱਥ ਵਿਚ ਫੜਿਆ ਰਾਡ ਉਸ ਦੇ ਮਾਰਿਆ ਤਾਂ ਉਹ ਮੋਟਰਸਾਈਕਲ ਤੋਂ ਡਿੱਗ ਪਏ ਤੇ ਇਨ੍ਹਾਂ ਵਿਅਕਤੀਆਂ ਨੇ ਉਸ ਦੀ ਪਤਨੀ ਦੀਆਂ ਵਾਲੀਆਂ ਲਾਹ ਲਈਆਂ ਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਭੱਜਣ ਲੱਗੇ ਜਿਨ੍ਹਾਂ ਦਾ ਮੁਦਈ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਬਲਵੰਤ ਸਿੰਘ ਨੇ ਪਿੱਛਾ ਕੀਤਾ ਤੇ ਦੋਵਾਂ ਨੌਜਵਾਨਾਂ ਵਿਚੋਂ ਇਕ ਨੌਜਵਾਨ ਨੂੰ ਫੜ ਲਿਆ ਹੈ ਤੇ ਦੂਸਰਾ ਨੌਜਵਾਨ, ਪਤਨੀ ਦੀਆਂ ਵਾਲੀਆਂ ਲੈ ਕੇ ਸਮੇਤ ਮੋਟਰਸਾਈਕਲ 'ਤੇ ਫ਼ਰਾਰ ਹੋ ਗਿਆ | ਜਾਂਚ ਅਧਿਕਾਰੀ ਏ.ਐੱਸ.ਆਈ. ਹੀਰਾ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਨੌਜਵਾਨ ਦੀ ਪਛਾਣ ਜੋਨੀ ਪੁੱਤਰ ਅਰਜਨ ਨਾਥ ਵਾਸੀ ਝੁੱਗੀਆਂ ਮੁਰਾਦਪੁਰਾ ਵਜੋਂ ਹੋਈ ਹੈ ਜਦਕਿ ਫ਼ਰਾਰ ਵਿਅਕਤੀ ਦੀ ਪਛਾਣਗੈਵੀ ਵਾਸੀ ਝੁੱਗੀਆਂ ਮੁਰਾਦਪੁਰਾ ਵਜੋਂ ਹੋਈ ਹੈ, ਜਿਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |