ਹਰੀਕੇ ਪੱਤਣ, 2 ਮਾਰਚ (ਸੰਜੀਵ ਕੁੰਦਰਾ)-ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ (ਹਰੀਕੇ ਪੱਤਣ) ਵਿਖੇ ਬਤੌਰ ਪਿ੍ੰਸੀਪਲ ਆਪਣੀਆਂ ਸੇਵਾਵਾਂ ਨਿਭਾਅ ਰਹੇ ਸੰਦੀਪ ਕੌਰ ਢਿੱਲੋਂ ਨਵ ਪ੍ਰਕਾਸ਼ਿਤ ਵਾਰਤਕ ਦੀ ਪੁਸਤਕ 'ਦਿਲ ਦੇ ਆਰ-ਪਾਰ' ਨੂੰ ਜ਼ਿਲ੍ਹਾ ਭਾਸ਼ਾ ਦਫ਼ਤਰ ਤਰਨ ਤਾਰਨ ਦੇ ਸਹਿਯੋਗ ਨਾਲ ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਨੂੰ ਸਮਰਪਿਤ ਸਮਾਗਮ ਦੇ ਵਿਚ ਲੋਕ ਅਰਪਣ ਕੀਤਾ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਲਖਵਿੰਦਰ ਸਿੰਘ ਜੌਹਲ ਰਿਟਾਇਰਡ ਪ੍ਰੋਡਿਊਸਰ ਦੂਰਦਰਸ਼ਨ ਕੇਂਦਰ ਜਲੰਧਰ ਨੇ ਕੀਤੀ | ਇਸ ਪ੍ਰੋਗਰਾਮ ਦੇ ਵਿੱਚ ਉਚੇਚੇ ਤੌਰ ਤੇ ਮੁੱਖ ਮਹਿਮਾਨ ਦੇ ਤੌਰ ਤੇ ਡਾ. ਜਗਦੀਪ ਸਿੰਘ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ ਤਰਨ ਤਾਰਨ ਨੇ ਸ਼ਿਰਕਤ ਕੀਤੀ | ਉਨ੍ਹਾਂ ਦੁਆਰਾ ਕਿਤਾਬ ਦੇ ਵਿਸ਼ੇ ਉੱਪਰ ਬੋਲਦਿਆਂ ਕਿਹਾ ਕਿ ਇਹ ਕਿਤਾਬ ਹਰ ਵਰਗ ਦੇ ਪਾਠਕ ਨੂੰ ਆਪਣੇ ਨਾਲ ਜੋੜਦੀ ਹੈ, ਹਰ ਵਿਅਕਤੀ ਇਸ ਦੀ ਸ਼ੈਲੀ ਤੇ ਸਰਲ ਭਾਸ਼ਾ ਨੂੰ ਪੜ੍ਹ ਕੇ ਪ੍ਰੇਰਨਾ ਲੈ ਸਕਦਾ ਹੈ | ਡਾ. ਜੌਹਲ ਜਿਨਾਂ ਨੇ ਇਸ ਕਿਤਾਬ ਦੀ ਸਮੀਖਿਆ ਵੀ ਲਿਖੀ ਹੈ ਨੇ ਬੋਲਦਿਆਂ ਕਿਹਾ ਕਿ ਇਹ ਕਿਤਾਬ ਸੰਦੀਪ ਕੌਰ ਦੇ ਦਿਲ ਦੀ, ਰੂਹ ਦੀ ਆਵਾਜ਼ ਹੈ | ਕਿਤਾਬ ਦੀ 'ਆਦਿਕਾ' ਉੱਪਰ ਵਿਸ਼ੇਸ਼ ਝਾਤ ਅਤੈ ਸਿੰਘ ਨੇ ਪਾਈ | ਇਸ ਪ੍ਰੋਗਰਾਮ ਦੇ ਵਿਚ ਮਹਿਮਾਨ-ਏ-ਖ਼ਾਸ ਦੇ ਤੌਰ 'ਤੇ ਸਤੀਸ਼ ਕੁਮਾਰ ਪ੍ਰਬੰਧਕੀ ਨਿਰਦੇਸ਼ਕ ਫੋਰ ਐੱਸ ਸਕੂਲ ਬੂਹ) ਨੇ ਸਵਾਗਤੀ ਸ਼ਬਦਾਂ ਵਿਚ ਕਿਹਾ ਕਿ ਲੇਖਕ ਹਨੇ੍ਹਰੇ 'ਚ ਪ੍ਰਕਾਸ਼ ਦੀ ਤਰ੍ਹਾਂ ਜਨਮ ਲੈਂਦਾ ਹੈ | ਲੇਖਕ ਹੋਣਾ ਆਪਣੇ ਆਪ ਵਿਚ ਕੁਦਰਤ ਦਾ ਇਕ ਅਹਿਮ ਵਰਦਾਨ ਹੈ | ਪ੍ਰੋਗਰਾਮ ਵਿਚ ਕਿਰਪਾਲ ਸਿੰਘ ਸੇਵਾ ਮੁਕਤ ਏ.ਜੀ.ਐੱਮ. ਸੈਂਟਰਲ ਬੈਂਕ ਆਫ ਇੰਡੀਆ ਵੀ ਸ਼ਾਮਿਲ ਹੋਏ | ਇਸ ਪ੍ਰੋਗਰਾਮ 'ਚ ਸੁਖਵੰਤ ਸਿੰਘ ਧਾਮੀ ਪ੍ਰਧਾਨ ਸਿਟੀਜਨ ਕੌਂਸਲ, ਤਰਨਤਾਰਨ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ | ਉਨ੍ਹਾਂ ਦੇ ਨਾਲ ਸਹਿਯੋਗੀ ਦੀ ਭੂਮਿਕਾ ਖੁਸ਼ਦੀਪ ਕੌਰ ਅਤੇ ਸ਼ਰਨਜੀਤ ਕੌਰ ਨੇ ਨਿਭਾਈ | ਪਿ੍ੰਸੀਪਲ ਸੰਦੀਪ ਕੌਰ ਢਿੱਲੋਂ ਨੇ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਇਹ ਕਿਤਾਬ ਦਰਦ ਤੋਂ ਉਭਰਨ ਅਤੇ ਤਣਾਅ ਮੁਕਤ ਹੋ ਕੇ ਜੀਵਨ ਜਿਊਣ ਦੇ ਲਈ ਇਕ ਸੰਜੀਵਨੀ ਬੂਟੀ ਸਾਬਿਤ ਹੋਵੇਗੀ, ਇਹ ਵਿਸ਼ਵਾਸ ਹੈ | ਸਕੂਲ ਮੈਨੇਜਿੰਗ ਡਾਇਰੈਕਟਰ ਅਤੇ ਪਿ੍ੰਸੀਪਲ ਸੰਦੀਪ ਕੌਰ ਦੁਆਰਾ ਆਏ ਹੋਏ ਮੁੱਖ ਮਹਿਮਾਨਾਂ ਨੂੰ ਵਿਸ਼ੇਸ਼ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਫੋਰ.ਐੱਸ ਸਕੂਲ ਦਾ ਸਮੁੱਚਾ ਸਟਾਫ਼, ਮਲਕੀਅਤ ਸਿੰਘ ਸੋਚ, ਨਰਿੰਦਰ ਸਿੰਘ ਪੰਨੂ, ਸੁਖਦੇਵ ਸਿੰਘ ਕੈਰੋਂ, ਨਰਿੰਦਰ ਕੌਰ ਉਚੇਚੇ ਤੌਰ 'ਤੇ ਸ਼ਾਮਿਲ ਹੋਏ |