ਤਰਨ ਤਾਰਨ, 3 ਮਾਰਚ (ਇਕਬਾਲ ਸਿੰਘ ਸੋਢੀ)-ਪੁਲਿਸ ਪਾਰਟੀ 'ਤੇ ਫਾਇਰਿੰਗ ਕਰਨ ਦੇ ਮਾਮਲੇ 'ਚ ਥਾਣਾ ਵਲਟੋਹਾ ਦੀ ਪੁਲਿਸ ਨੇ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਡੀ.ਐੱਸ.ਪੀ.ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਥਾਣਾ ਵਲਟੋਹਾ ਦੇ ਐੱਸ.ਐੱਚ.ਓ. ਇੰਸਪੈਕਟਰ ਮਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਸਰਹੱਦੀ ਇਲਾਕੇ 'ਚੋਂ ਗਸ਼ਤ ਕਰਕੇ ਵਾਪਸ ਆ ਰਹੇ ਸਨ ਤਾਂ ਪਿੰਡ ਚੀਮਾ ਖੁਰਦ ਵਿਖੇ 2 ਕਾਰਾਂ 'ਚ ਕੁਝ ਵਿਅਕਤੀਆਂ ਉਪਰ ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਵਲੋਂ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ 'ਚੋਂ ਇਕ ਵਿਅਕਤੀ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ ਤਾਂ ਜਵਾਬੀ ਕਾਰਵਾਈ ਦੌਰਾਨ ਵੀ ਪੁਲਿਸ ਪਾਰਟੀ ਨੇ ਵੀ ਸ਼ੱਕੀ ਵਿਅਕਤੀਆਂ 'ਤੇ ਫਾਈਰਿੰਗ ਕੀਤੀ ਪਰ ਰਾਤ ਦੇ ਹਨੇ੍ਹਰੇ ਦਾ ਫਾਇਦਾ ਉਠਾਉਂਦੇ ਹੋਏ ਸ਼ੱਕੀ ਵਿਅਕਤੀ ਉਥੋਂ ਫ਼ਰਾਰ ਹੋ ਗਏ | ਪੁਲਿਸ ਵਲੋਂ ਮਾਮਲੇ ਦੀ ਜਾਂਚ ਦੌਰਾਨ ਪਾਇਆ ਗਿਆ ਕਿ ਪੁਲਿਸ ਪਾਰਟੀ ਉਪਰ ਸਿਮਰਨਜੀਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਵਲਟੋਹਾ ਵਲੋਂ ਕੀਤੀ ਗਈ ਸੀ ਅਤੇ ਉਸ ਦੇ ਨਾਲ ਫ਼ਰਾ ਹੋਇਆ ਸਾਥੀ ਸੁਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕਲੰਜਰ ਉਤਾੜ ਤੋਂ ਇਲਾਵਾ ਇਕ ਅਣਪਛਾਤਾ ਵਿਅਕਤੀ ਵੀ ਸੀ | ਡੀ.ਐੱਸ.ਪੀ. ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ |