ਤਰਨ ਤਾਰਨ, 5 ਮਾਰਚ (ਪਰਮਜੀਤ ਜੋਸ਼ੀ)- ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਤੰਦਰੁਸਤ ਨਾਰੀ ਦੇ ਮੰਤਵ ਨਾਲ ਜ਼ਿਲ੍ਹਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਅਗਵਾਈ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰ ਪਾਲ ਕੌਰ ਦੀ ਦੇਖ-ਰੇਖ ਹੇਠ ਸਰਕਾਰੀ ਹਸਪਤਾਲ ਵਿਖੇ ਹਿਊਮਨ ਪੈਪੀਲੋਮਾ ਵਾਇਰਸ (ਐੱਚ.ਪੀ.ਵੀ) ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਐੱਚ.ਪੀ.ਵੀ ਵੈਕਸੀਨ ਵਿਸ਼ੇਸ਼ ਤੌਰ 'ਤੇ 14 ਸਾਲਾਂ ਦੀ ਉਮਰ ਪੂਰੀ ਕਰ ਚੁੱਕੀਆਂ ਲੜਕੀਆਂ ਨੂੰ ਜ਼ਿਲ੍ਹੇ ਭਰ ਦੇ ਵਿਚ ਸਿਹਤ ਕਰਮੀਆਂ ਵਲੋਂ ਬਿਲਕੁਲ ਮੁਫ਼ਤ ਲਗਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਵੈਕਸੀਨ ਨੂੰ ਲਗਾਉਣ ਦਾ ਮੁੱਖ ਮੰਤਵ ਬੱਚੀਆਂ ਨੂੰ ਸਰਵਿਕਸ (ਬੱਚੇਦਾਨੀ ਦੇ ਮੂੰਹ) ਦੇ ਕੈਂਸਰ ਤੋਂ ਬਚਾਉਣ ਦੇ ਨਾਲ-ਨਾਲ ਗੁਪਤ ਰੋਗਾਂ ਤੋਂ ਬਚਾਉਣਾ ਹੈ | ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਔਰਤਾਂ 'ਚ ਹੋਣ ਵਾਲੇ ਸਰਵਿਕਸ ਕੈਂਸਰ ਦੀ ਰੋਕਥਾਮ ਲਈ ਐੱਚ.ਪੀ.ਵੀ ਵੈਕਸੀਨ ਭਾਰਤ ਸਮੇਤ ਕਈ ਮੁਲਕਾਂ ਵਿਚ ਪਹਿਲਾਂ ਤੋਂ ਹੀ ਲਗਾਈ ਜਾ ਰਹੀ ਹੈ ਅਤੇ ਇਹ ਟੀਕਾ ਵਿਸ਼ਵ ਸਿਹਤ ਸੰਸਥਾ ਤੋਂ ਪ੍ਰਮਾਣਿਤ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਸਿਹਤ ਵਿਭਾਗ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਹਰ ਹਫ਼ਤੇ ਲੱਗਣ ਵਾਲੇ ਟੀਕਾਕਰਨ ਸੈਸ਼ਨ ਦੌਰਾਨ ਐੱਚ.ਪੀ.ਵੀ ਵੈਕਸੀਨ ਲਗਾਈ ਜਾਵੇਗੀ | ਐੱਚ.ਪੀ.ਵੀ ਵੈਕਸੀਨ ਨੂੰ ਸਿਹਤ ਕਰਮੀਆਂ ਵਲੋਂ ਹਰ ਹਫ਼ਤੇ ਬੁੱਧਵਾਰ ਨੂੰ ਲੱਗਣ ਵਾਲੇ ਮਮਤਾ ਦਿਵਸ ਸੈਸ਼ਨਾ ਦੌਰਾਨ ਲਗਾਇਆ ਜਾਵੇਗਾ | ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ ਨੇ ਦੱਸਿਆ ਕਿ ਇਸ ਵੈਕਸੀਨ ਦੀ ਐਂਟਰੀ ਸਿਹਤ ਕਰਮੀਆਂ ਵਲੋਂ ਯੂ-ਵਿਨ ਪੋਰਟਲ 'ਤੇ ਕੀਤੀ ਜਾਵੇਗੀ ਅਤੇ ਨਾਲ ਹੀ ਕੋਲਡ ਚੇਨ ਮੈਨੇਜਮੈਂਟ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ ਹਨ | ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਕੁਮਾਰ, ਬੱਚਿਆਂ ਦੇ ਮਾਹਿਰ ਵਿਪੁਲ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਵੰਤ ਸਿੰਘ ਸਿੱਧੂ ਡਾ. ਰਣਦੀਪ ਸਿੰਘ, ਐੱਲ.ਐੱਚ.ਵੀ. ਜਸਬੀਰ ਕੌਰ, ਵੀ.ਸੀ.ਸੀ.ਐਮ ਮਨਦੀਪ ਸਿੰਘ ਆਦਿ ਮੌਜੂਦ ਰਹੇ |