ਤਰਨ ਤਾਰਨ, 5 ਮਾਰਚ (ਇਕਬਾਲ ਸਿੰਘ ਸੋਢੀ)- ਕੇਂਦਰੀ ਜੇਲ੍ਹ ਗੋਇੰਦਵਾਲ ਦੀ ਚੈਕਿੰਗ ਦੌਰਾਨ ਤਿੰਨ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਅਤੇ ਲਵਾਰਿਸ ਹਾਲਤ ਵਿਚ ਪਾਬੰਦੀਸ਼ੁਦਾ ਸਮਾਨ ਬਰਾਮਦ ਹੋਇਆ ਹੈ | ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਤਿੰਨ ਹਵਾਲਾਤੀਆਂ ਸਮੇਤ ਇਕ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਜੇਲ੍ਹ ਦੇ ਸਹਾਇਕ ਸੁਪਰਡੈਂਟ ਲਖਬੀਰ ਸਿੰਘ ਨੇ ਥਾਣਾ ਗੋਇੰਦਵਾਲ ਵਿਖੇ ਸ਼ਿਕਾਇਤ ਕੀਤੀ ਕਿ 24 ਫਰਵਰੀ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਹਵਾਲਾਤੀ ਅਤੀਸ਼ ਕੁਮਾਰ ਪੁੱਤਰ ਰਾਕੇਸ਼ ਕੁਮਾਰ ਵਾਸੀ ਸਰਹਾਲੀ, ਕਰਨ ਸਿੰਘ ਪੁੱਤਰ ਜਰਮਲ ਸਿੰਘ ਵਾਸੀ ਪੱਟੀ ਪਾਸੋਂ 1 ਟੱਚ ਮੋਬਾਈਲ ਫੋਨ ਬਰਾਮਦ ਹੋਇਆ ਹੈ | ਇਸੇ ਤਰ੍ਹਾਂ 14 ਫਰਵਰੀ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ 62 ਬੀੜੀ ਬੰਡਲ, 24 ਸਿਗਰਟ ਪੈਕੇਟ, 22 ਕੁਲਲਿੱਪ ਪੈਕੇਟ, 11 ਹੀਟਰ ਸਪਰਿੰਗ, 109 ਬੀੜੀਆਂ ਦੇ ਬੰਡਲ, 8 ਪੈਕੇਟ ਸਿਗਰੇਟ, 80 ਪੈਕੇਟ ਤੰਬਾਕੂ, 16 ਲਾਈਟਰ, 102 ਤੰਬਾਕੂ ਪੈਕੇਟ, 243 ਬੀੜੀ ਬੰਡਲ, 243 ਬੀੜੀ ਬੰਡਲ, 3 ਡੱਬੀਆਂ ਸਿਗਰਟ, 5 ਕੀਪੈਡ ਫੋਨ, 3 ਟੱਚ ਮੋਬਾਈਲ ਫੋਨ ਲਵਾਰਿਸ ਹਾਲਤ ਵਿਚ ਬਰਾਮਦ ਹੋਏ ਹਨ | ਇਸੇ ਤਰ੍ਹਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਕੇਵਲ ਸਿੰਘ ਨੇ ਲਿਖਤੀ ਸ਼ਿਕਾਇਤ ਪੁਲਿਸ ਪਾਸ ਕੀਤੀ ਕਿ 8 ਫਰਵਰੀ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਹਵਾਲਾਤੀ ਬਲਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਪਾਸੋਂ 1 ਕੀਪੈਡ ਮੋਬਾਈਲ ਫੋਨ ਬਰਾਮਦ ਹੋਇਆ ਹੈ | ਥਾਣਾ ਗੋਇੰਦਵਾਲ ਪੁਲਿਸ ਨੇ ਉਕਤ ਹਵਾਲਾਤੀਆਂ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਜੇਲ੍ਹ ਵਿਚ ਇਹ ਸਾਮਾਨ ਕਿਸ ਤਰ੍ਹਾਂ ਪਹੁੰਚਿਆ |