ਖਾਲੜਾ, 10 ਮਾਰਚ (ਜੱਜਪਾਲ ਸਿੰਘ ਜੱਜ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਿੱਥੇ ਪਿੰਡਾਂ ਦੇ ਵਿਕਾਸ ਲਈ ਦਿਲ ਖੋਲ੍ਹ ਕੇ ਫੰਡ ਦਿੱਤੇ ਜਾ ਰਹੇ ਹਨ, ਉੱਥੇ ਹੀ ਪਿੰਡਾਂ ਦੇ ਚੁਣੇ ਨੁਮਾਇੰਦਿਆਂ ਵਲੋਂ ਪਿੰਡਾਂ ਦੇ ਵਿਕਾਸ ਵੱਲ ਨਾ ਧਿਆਨ ਦੇਣ ਕਾਰਨ ਕੁਝ ਸਮਾਜ ਸੇਵੀ ਸੰਸਥਾਵਾਂ ਵਲੋਂ ਆਪਣੇ ਪੱਧਰ 'ਤੇ ਪਿੰਡਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਦੀ ਸਪੱਸ਼ਟ ਮਿਸਾਲ ਪਿੰਡ ਖਾਲੜਾ ਦੇ ਨਿਕਾਸੀ ਨਾਲੇ ਤੋਂ ਮਿਲਦੀ ਹੈ, ਜਿਸ ਦੀ ਮਗਰਲੇ ਲੰਮੇ ਸਮੇਂ ਤੋਂ ਖਲਾਈ ਹੋਣ ਨਾ ਹੋਣ ਕਾਰਨ ਉਸ 'ਚੋਂ ਗੰਦਾ ਪਾਣੀ ਆ ਕੇ ਸੜਕ 'ਤੇ ਘੁੰਮ ਰਿਹਾ ਸੀ, ਦੀ ਮੁਸ਼ਕਲ ਦਾ ਹੱਲ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਨਾਲੇ ਦੀ ਖਲਾਈ ਕਰਾਉਣ ਦਾ ਬੀੜਾ ਚੁੱਕਦਿਆਂ ਇਸ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਦਿਵਾਈ ਹੈ | ਖਾਲੜਾ ਇਕਾਈ ਪ੍ਰਧਾਨ ਬਘੇਲ ਸਿੰਘ, ਹਰਜੀਤ ਸਿੰਘ ਭਲਵਾਨ, ਗੋਪਾਲ ਸਿੰਘ, ਸਾਰਜ ਸਿੰਘ ਗੁਰਦੇਵ ਸਿੰਘ ਕੈਰੋਂਪੁਰੀਆ, ਬਾਜ ਸਿੰਘ, ਇਕਬਾਲ ਸਿੰਘ, ਸਿਕੰਦਰ ਸਿੰਘ, ਲਖਬੀਰ ਸਿੰਘ, ਮੇਜਰ ਸਿੰਘ ਆਦਿ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਾਲੜਾ ਮੰਡੀ ਅਤੇ ਖਾਲੜਾ ਪਿੰਡ ਦੇ ਘਰਾਂ ਦਾ ਨਿਕਾਸੀ ਪਾਣੀ ਜਿਸ ਨਾਲੇ 'ਚੋਂ ਜਾਂਦਾ ਹੈ, ਉਸ ਦੀ ਪਿੰਡ ਦੀ ਚੁਣੀ ਪੰਚਾਇਤ ਵਲੋਂ ਖਲਾਈ ਨਾ ਕਰਾਉਣ ਕਾਰਨ ਉਸ 'ਚੋਂ ਗੰਦਾ ਪਾਣੀ ਉਛਲ ਕੇ ਸੜਕ 'ਤੇ ਚੜਿ੍ਹਆ ਹੋਇਆ ਸੀ, ਜਿਸ ਦੀ ਖਿਲਾਈ ਦਾ ਕੰਮ ਕਰਵਾਇਆ ਗਿਆ ਹੈ | ਉਕਤ ਕਿਸਾਨ ਆਗੂਆਂ ਨੇ ਕਿਹਾ ਕਿ ਖਾਲੜਾ ਮੰਡੀ ਤੇ ਪਿੰਡ ਖਾਲੜਾ ਦਾ ਨਿਕਾਸੀ ਪਾਣੀ ਜ਼ਿਆਦਾ ਹੋਣ ਕਾਰਨ ਅਤੇ ਨਿਕਾਸੀ ਨਾਲਾ ਛੋਟਾ ਹੋਣ ਕਾਰਨ ਅਤੇ ਸਮੇਂ ਸਮੇਂ 'ਤੇ ਇਸ ਦੀ ਖਲਾਈ ਨਾ ਹੋਣ ਕਾਰਨ ਗੰਦਾ ਪਾਣੀ ਇਸ 'ਚੋਂ ਉਛਲਦਾ ਰਹਿੰਦਾ ਹੈ, ਜਿਸ ਦਾ ਪੱਕਾ ਹੱਲ ਕਰਨ ਲਈ ਸਰਕਾਰ ਨੂੰ ਸੀਵਰੇਜ ਪਾਉਣੇ ਚਾਹੀਦੇ ਹਨ |